ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 17 ਅਗਸਤ
ਕ੍ਰਿਸ਼ਨਾ ਜੀ ਸੇਵਾ ਸੁਸਾਇਟੀ ਵਲੋਂ 78ਵੇਂ ਆਜ਼ਾਦੀ ਦਿਹਾੜੇ ਮੌਕੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ 120 ਪੌਦੇ ਲਾ ਕੇ ਲੋਕਾਂ ਨੂੰ ਵਾਤਾਵਰਨ ਬਚਾਉਣ ਪ੍ਰਤੀ ਜਾਗਰੂਕ ਕੀਤਾ ਗਿਆ। ਸੁਸਾਇਟੀ ਦੇ ਸੰਸਥਾਪਕ ਸੰਜੇ ਹਸੀਜਾ ਨੇ ਕਿਹਾ ਕਿ ਪੌਦੇ ਲਾਉਣ ਦੀ ਮੁਹਿੰਮ ਨੂੰ ਤੇਜ਼ ਕਰਨ ਲਈ ਨਵੀਂ ਪੀੜ੍ਹੀ ਤੇ ਸਮਾਜ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ। ਇਸ ਕੰਮ ਵਿਚ ਸਕੂਲ ਆਪਣੀ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਅਧਿਆਪਕਾਂ ਨੂੰ ਨੌਜਵਾਨਾਂ ਨੂੰ ਰੁੱਖਾਂ ਦੇ ਫਾਇਦੇ ਦਸੱਣ ਦੇ ਨਾਲ ਨਾਲ ਉਨ੍ਹਾਂ ਦੀ ਦੇਖ ਭਾਲ ਲਈ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੁੱਖਾਂ ਨਾਲ ਹੀ ਮਨੁੱਖੀ ਜੀਵਨ ਦੀ ਸੰਭਾਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਰੁੱਖ ਤੇ ਹਰਿਆਲੀ ਧਰਤੀ ਮਾਂ ਦਾ ਸ਼ਿੰਗਾਰ ਹੈ। ਹਸੀਜਾ ਨੇ ਕਿਹਾ ਕਿ ਪੌਦਿਆਂ ਦੀ ਵਾਤਾਵਰਨ ਨੂੰ ਸੁਧਾਰਨ ਵਿਚ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੌਦੇ ਲਾਉਣ ਦੇ ਨਾਲ-ਨਾਲ ਉਨ੍ਹਾਂ ਦੀ ਨਿਯਮਤ ਦੇਖਭਾਲ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਪਿਛਲੇ ਕਈ ਸਾਲਾਂ ਤੋਂ ਪੌਦੇ ਲਾਉਣ ਲਈ ਸਮਾਜ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸੁਸਾਇਟੀ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਪੌਦੇ ਲਾਏ ਗਏ ਤੇ ਸੁਸਾਇਟੀ ਮੈਂਬਰਾਂ ਨੇ ਇਨ੍ਹਾਂ ਦੀ ਸੰਭਾਲ ਕਰਨ ਦਾ ਅਹਿਦ ਵੀ ਲਿਆ। ਇਸ ਮੌਕੇ ਡਾ. ਸ਼ਿਖਾ ਸਤੀਜਾ, ਜਗਦੇਵ ਸਿੰਘ ਗਾਬਾ, ਸੁਖਵਿੰਦਰ ਸਿੰਘ ਬੱਗੀ, ਪਲਕ ਹਸੀਜਾ, ਨਰੇਸ਼ ਸ਼ਰਮਾ, ਰਿਸ਼ੀ ਗੁਪਤਾ, ਰੋਹਿਤ ਗੁਪਤਾ, ਕਪਿਲ ਗੁਪਤਾ, ਨਿਸ਼ਾਨ ਸਿੰਘ ਤੇ ਵਰਿੰਦਰ ਕੁਮਾਰ ਆਦਿ ਮੌਜੂਦ ਸਨ।