ਟ੍ਰਿਬਿਊਨ ਨਿਊਜ਼ ਸਰਵਿਸ
ਹਿਸਾਰ, 3 ਜੁਲਾਈ
ਕਾਂਗਰਸ ਆਗੂ ਕੁਲਦੀਪ ਬਿਸ਼ਨੋਈ ਦੇ ਲੜਕੇ ਭਵਿਆ ਬਿਸ਼ਨੋਈ ਤੇ ਅਦਾਕਾਰਾ ਮਹਿਰੀਨ ਕੌਰ ਪੀਰਜ਼ਾਦਾ ਨੇ ਆਪਸੀ ਸਹਿਮਤੀ ਨਾਲ ਮੰਗਣੀ ਤੋੜਨ ਦਾ ਐਲਾਨ ਕੀਤਾ ਹੈ। ਭਵਿਆ ਦੇ ਪਿਤਾ ਕੁਲਦੀਪ ਸਾਬਕਾ ਸੰਸਦ ਮੈਂਬਰ ਤੇ ਇਸ ਵੇਲੇ ਆਦਮਪੁਰ ਤੋਂ ਵਿਧਾਇਕ ਹਨ। ਦੱਸਣਯੋਗ ਹੈ ਕਿ ਭਵਿਆ ਨੇ 2019 ਦੀ ਲੋਕ ਸਭਾ ਚੋਣ ਹਿਸਾਰ ਤੋਂ ਲੜੀ ਸੀ। ਭਵਿਆ ਤੇ ਮਹਿਰੀਨ ਦੀ ਇਸ ਸਾਲ ਮਾਰਚ ਵਿਚ ਮੰਗਣੀ ਹੋਈ ਸੀ। ਬਠਿੰਡਾ ਦੀ ਮਹਿਰੀਨ ਨੇ 2016 ਵਿਚ ਤੇਲਗੂ ਫਿਲਮ ਨਾਲ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ਮਾਰਚ 2017 ਵਿਚ ਹਿੰਦੀ ਫਿਲਮ ‘ਫਿਲੌਰੀ’ ਵਿਚ ਕੰਮ ਕੀਤਾ ਜਿਸ ਵਿਚ ਅਨੁਸ਼ਕਾ ਸ਼ਰਮਾ, ਦਲਜੀਤ ਦੁਸਾਂਝ ਤੇ ਸੂਰਜ ਸ਼ਰਮਾ ਨੇ ਅਦਾਕਾਰੀ ਕੀਤੀ ਸੀ।