ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 22 ਅਪਰੈਲ
ਬਾਬੈਨ ਅਨਾਜ ਮੰਡੀ ਵਿਚ ਪਿਛਲੇ ਦੋ ਦਿਨਾਂ ਤੋਂ ਬਾਰਦਾਨਾ ਨਾ ਆਉਣ ਕਰ ਕੇ ਕਿਸਾਨਾਂ ਦੀ ਹਜ਼ਾਰਾਂ ਕੁਇੰਟਲ ਕਣਕ ਖੁੱਲ੍ਹੇ ਅਸਮਾਨ ਥੱਲੇ ਪਈ ਹੋਈ ਹੈ। ਦੋ ਦਿਨਾਂ ਤੋਂ ਮੰਡੀ ਵਿਚ ਪਈ ਕਣਕ ਨਾ ਵਿਕਣ ਅਤੇ ਵਾਰ ਵਾਰ ਮੌਸਮ ਖਰਾਬ ਹੋਣ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਰਹੀਆਂ ਹਨ। ਕਿਸਾਨਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਮੰਡੀ ਵਿਚ ਤੁਰੰਤ ਬਾਰਦਾਨੇ ਦੀ ਵਿਵਸਥਾ ਨਾ ਕੀਤੀ ਤੇ ਉਨ੍ਹਾਂ ਦੀ ਕਣਕ ਦੀ ਭਰਾਈ ਨਾ ਕੀਤੀ ਗਈ ਤਾਂ ਉਹ ਰੋਡ ਜਾਮ ਕਰ ਦੇਣਗੇ। ਕਿਸਾਨ ਹਰਪਾਲ ਸਿੰਘ ਗੁਜਰ, ਨੀਰਜ ਕੁਮਾਰ, ਕੁਲਵੰਤ ਸਿੰਘ, ਕਰਨੈਲ ਸਿੰਘ ਨੇ ਕਿਹਾ ਹੈ ਕਿ ਉਹ ਪਿਛਲੇ ਦੋ ਦਿਨਾਂ ਤੋਂ ਆਪਣੀ ਕਣਕ ਲੈ ਕੇ ਮੰਡੀ ਵਿਚ ਬੈਠੇ ਹਨ ਪਰ ਖਰੀਦ ਨਹੀਂ ਹੋਈ। ਉਨ੍ਹਾਂ ਦਾ ਕਹਿਣਾ ਹੈ ਕਿ ਮੌਸਮ ਹਰ ਰੋਜ਼ ਖਰਾਬ ਹੋ ਰਿਹਾ ਹੈ ,ਜੇ ਮੀਂਹ ਪੈ ਜਾਂਦਾ ਹੈ ਤਾਂ ਕਾਫੀ ਨੁਕਸਾਨ ਹੋਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ ਵਿਚ ਨਾ ਤਾਂ ਬਾਰਦਾਨਾ ਹੈ ਤੇ ਨਾ ਹੀ ਕੋਈ ਅਧਿਕਾਰੀ ਮੰਡੀ ਵਿਚ ਪਈ ਕਣਕ ਦੀਆਂ ਢੇਰੀਆਂ ਨੂੰ ਦੇਖਣ ਲਈ ਆ ਰਿਹਾ ਹੈ। ਫੂਡ ਤੇ ਸਪਲਾਈ ਵਿਭਾਗ ਦੇ ਅਧਿਕਾਰੀ ਸਤਬੀਰ ਸਿੰਘ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਮੰਡੀ ਵਿਚ ਬਾਰਦਾਨੇ ਦੀ ਸਮੱਸਿਆ ਆ ਰਹੀ ਹੈ, ਜਿਸ ਕਰਕੇ ਕਣਕ ਦੀ ਭਰਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਮੰਡੀ ਵਿਚ ਬਾਰਦਾਨਾ ਛੇਤੀ ਹੀ ਮੁਹੱਈਆ ਕਰਵਾ ਦਿੱਤਾ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿਚ ਕੋਈ ਦਿੱਕਤ ਨਾ ਆਏ।