ਸਤਪਾਲ ਰਾਮਗੜ੍ਹੀਆ
ਪਿਹੋਵਾ, 20 ਸਤੰਬਰ
ਸੁਪਰੀਮ ਕੋਰਟ ਵੱਲੋਂ ਐੱਸਐੱਸਜੀਪੀਸੀ ਨੂੰ ਮਾਨਤਾ ਮਿਲਣ ’ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਮੈਂਬਰ ਜਥੇਦਾਰ ਸਤਪਾਲ ਸਿੰਘ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਚ ਸਿੱਖ ਸੰਗਤ ਦੀ ਮੀਟਿੰਗ ਹੋਈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਫੈਸਲੇ ਨਾਲ ਸਿੱਖਾਂ ਵਿਚ ਕਾਨੂੰਨ ਪ੍ਰਤੀ ਵਿਸ਼ਵਾਸ ਕਾਇਮ ਹੋਇਆ ਹੈ| ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਹਮੇਸ਼ਾ ਹੀ ਦੇਸ਼ ਦੇ ਗੁਰਦੁਆਰਿਆਂ ਨਾਲ ਵਿਤਕਰਾ ਕੀਤਾ ਹੈ। ਇੱਥੋਂ ਦੇ ਗੁਰਦੁਆਰਿਆਂ ਦੇ ਚੜ੍ਹਾਵੇ ਪੰਜਾਬ ਵਿੱਚ ਸਿਆਸੀ ਹਿੱਤਾਂ ਦੀ ਪੂਰਤੀ ਲਈ ਖਰਚੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਐੱਚਐੱਸਜੀਪੀਸੀ ਵੱਲੋਂ ਗੁਰਦੁਆਰਿਆਂ ਦੀ ਕਮਾਨ ਸੰਭਾਲਣ ਨਾਲ ਇੱਥੇ ਸਿੱਖਿਆ ਅਤੇ ਮੈਡੀਕਲ ਦੇ ਨਵੇਂ ਕੇਂਦਰ ਸਥਾਪਤ ਹੋਣਗੇ। ਇਸ ਦੇ ਨਾਲ ਹੀ ਗੁਰੂਘਰਾਂ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਵੀ ਮੁਹੱਈਆ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਗੁਰੂ ਘਰ ਦੀ ਸਾਂਭ-ਸੰਭਾਲ ਵਿੱਚ ਵੀ ਸੁਧਾਰ ਕੀਤਾ ਜਾਵੇਗਾ। ਇਸ ਮੌਕੇ ਸਥਾਨਕ ਕਮੇਟੀ ਪ੍ਰਧਾਨ ਸਵਰਨ ਸਿੰਘ ਵੜੈਚ, ਬਲਦੇਵ ਸਿੰਘ ਫੌਜੀ, ਧਿਆਨ ਸਿੰਘ ਮੁਲਤਾਨੀ, ਭਾਗ ਸਿੰਘ, ਜਗੀਰ ਸਿੰਘ, ਮੁਖਤਿਆਰ ਸਿੰਘ, ਸਤਨਾਮ ਸਿੰਘ, ਜਸਵੰਤ ਸਿੰਘ, ਗੁਰਸ਼ੇਰ ਸਿੰਘ, ਸੁਖਬੀਰ ਸਿੰਘ, ਕੰਵਲਜੀਤ ਸਿੰਘ, ਗੁਰਮੀਤ ਸਿੰਘ ਅਤੇ ਹਰਜਿੰਦਰ ਸਿੰਘ ਹਾਜ਼ਰ ਸਨ |
ਅਸੰਧ ਵੱਲੋਂ ਗੁਰਦੁਆਰਾ ਕਮੇਟੀ ਦੀ ਚੋਣ ਨਾ ਲੜਨ ਦਾ ਐਲਾਨ
ਕੁਰੂਕਸ਼ੇਤਰ (ਸਰਬਜੋਤ ਸਿੰਘ ਦੁੱਗਲ): ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਗਠਨ ਨੂੰ ਸੁਪਰੀਮ ਕੋਰਟ ਵੱਲੋਂ ਦਿੱਤੀ ਪ੍ਰਵਾਨਗੀ ਨਾਲ ਹਰਿਆਣਾ ਦੇ ਸਿੱਖ ਸਮਾਜ ਵਿੱਚ ਖੁਸ਼ੀ ਦੀ ਲਹਿਰ ਹੈ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਯੂਥ ਸੂਬਾਈ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਦੇ ਸੀਨੀਅਰ ਆਗੂ ਕਵਲਜੀਤ ਸਿੰਘ ਅਜਰਾਨਾ ਦੀ ਅਗਵਾਈ ਹੇਠ ਅੱਜ ਸਿੱਖ ਸੰਗਤ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿੱਚ ਇਕੱਤਰ ਹੋਈ ਅਤੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਕਵਲਜੀਤ ਸਿੰਘ ਅਜਰਾਨਾ ਨੇ ਸੰਗਤ ਨੂੰ ਭਰੋਸਾ ਦਿਵਾਇਆ ਕਿ ਹੁਣ ਹਰਿਆਣਾ ਦੇ ਸਮੂਹ ਗੁਰਦੁਆਰਿਆਂ ਦੇ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਏ ਜਾਣਗੇ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਦੇ ਸੀਨੀਅਰ ਆਗੂ ਜਥੇਦਾਰ ਭੁਪਿੰਦਰ ਸਿੰਘ ਅਸੰਧ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾ ਲੜਨ ਦਾ ਐਲਾਨ ਕਰਦਿਆਂ ਕਿਹਾ ਕਿ ਹੁਣ ਨੌਜਵਾਨਾਂ ਨੂੰ ਮੈਦਾਨ ਵਿੱਚ ਉਤਾਰਿਆ ਜਾਵੇਗਾ। ਇੰਨਾ ਹੀ ਨਹੀਂ, ਉਨ੍ਹਾਂ ਸਮੂਹ ਬਜ਼ੁਰਗਾਂ ਨੂੰ ਚੋਣ ਨਾ ਲੜਨ ਅਤੇ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਪ੍ਰਦਾਨ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਹਰਿਆਣਾ ਦੇ ਗੁਰਦੁਆਰਾ ਸਾਹਿਬਾਨ ਦੀ ਸਹੀ ਸੰਭਾਲ ਨਾ ਕਰਨ ਦਾ ਦੋਸ਼ ਵੀ ਲਾਇਆ। ਇਸ ਦੌਰਾਨ ਤਜਿੰਦਰ ਸਿੰਘ ਮੱਕੜ, ਇੰਦਰ ਸਿੰਘ ਕਰਨਾਲ, ਪ੍ਰਿਤਪਾਲ ਸਿੰਘ, ਤਰਨਜੀਤ ਸਿੰਘ, ਜਸਪਾਲ ਸਿੰਘ, ਪਰਮਜੀਤ ਸਿੰਘ, ਨਰਿੰਦਰ ਸਿੰਘ, ਲਖਵਿੰਦਰ ਸਿੰਘ ਹਾਬੜੀ, ਹਰਬੰਸ ਸਿੰਘ ਸਰਪੰਚ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ ਤੱਖਰ, ਸ਼ੇਰ ਸਿੰਘ ਪਾਣੀਪਤ ਹਾਜ਼ਰ ਸੀ।