ਚਰਨਜੀਤ ਭੁੱਲਰ/ਮਨੋਜ ਸ਼ਰਮਾ
ਚੰਡੀਗੜ੍ਹ, 2 ਫਰਵਰੀ
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਨਰਮਾ ਪੱਟੀ ’ਚ ਲੰਮੀ ਉਡੀਕ ਮਗਰੋਂ ਗੁਲਾਬੀ ਸੁੰਡੀ ਨਾਲ ਖਰਾਬ ਹੋਈ ਫਸਲ ਦਾ ਮੁਆਵਜ਼ਾ ਵੰਡਣਾ ਸ਼ੁਰੂ ਹੋਇਆ ਹੈ| ਚੋਣ ਕਮਿਸ਼ਨ ਦੇ ਅੜਿੱਕਿਆਂ ਕਰਕੇ ਫਸਲੀ ਮੁਆਵਜ਼ਾ ਅੱਧ ਵਿਚਕਾਰੇ ਫਸਿਆ ਹੋਇਆ ਸੀ, ਜਿਸ ਕਰਕੇ ਕਿਸਾਨ ਧਿਰਾਂ ਨੂੰ ਮੁਆਵਜ਼ੇ ਖਾਤਰ ਸੰਘਰਸ਼ ਵੀ ਕਰਨਾ ਪਿਆ ਹੈ| ਦਿਲਚਸਪ ਗੱਲ ਇਹ ਹੈ ਕਿ ਨਰਮਾ ਪੱਟੀ ’ਚ ਗੁਲਾਬੀ ਸੁੰਡੀ ਦਾ ਮੁਆਵਜ਼ਾ ਪੁੱਜਣ ਤੋਂ ਪਹਿਲਾਂ ਖੇਤੀ ਮਹਿਕਮੇ ਦੀਆਂ ਟੀਮਾਂ ਪੁੱਜ ਗਈਆਂ ਹਨ, ਜੋ ਗੁਲਾਬੀ ਸੁੰਡੀ ਦਾ ਨਰਮੇ ਦੀਆਂ ਛਟੀਆਂ ਤੋਂ ਲਾਰਵਾ ਲੱਭਣ ਲੱਗੀਆਂ ਹਨ| ਖੇਤੀ ਮਹਿਕਮੇ ਦੀਆਂ ਟੀਮਾਂ ਇਸ ਕਰਕੇ ਨਰਮਾ ਪੱਟੀ ’ਚ ਸਰਗਰਮ ਹੋਈਆਂ ਹਨ ਤਾਂ ਜੋ ਅਗਲੀ ਫ਼ਸਲ ‘ਤੇ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਿਆ ਜਾ ਸਕੇ| ਕਿਸਾਨ ਹੈਰਾਨ ਹਨ ਕਿ ਪਹਿਲਾਂ ਤਾਂ ਪੰਜਾਬ ਸਰਕਾਰ ਨੇ ਸਮੇਂ ਸਿਰ ਖਰਾਬੇ ਦਾ ਮੁਆਵਜ਼ਾ ਨਹੀਂ ਭੇਜਿਆ ਪ੍ਰੰਤੂ ਜਦੋਂ ਮੁਆਵਜ਼ਾ ਪੁੱਜਾ ਤਾਂ ਚੋਣ ਜ਼ਾਬਤਾ ਲੱਗ ਗਿਆ| ਉਦੋਂ ਹੀ ਪ੍ਰਸ਼ਾਸਨ ਚੋਣ ਕਮਿਸ਼ਨ ਤੋਂ ਡਰ ਗਿਆ ਅਤੇ ਫਸਲੀ ਮੁਆਵਜ਼ਾ ਵੰਡਣ ਲਈ ਚੋਣ ਕਮਿਸ਼ਨ ਨੂੰ ਪੱਤਰ ਲਿਖੇ ਗਏ| ਹਾਲਾਂਕਿ ਚੋਣ ਕਮਿਸ਼ਨ ਨੇ ਅਜਿਹੀ ਕੋਈ ਰੋਕ ਨਹੀਂ ਲਾਈ ਸੀ|
ਬਠਿੰਡਾ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਪਹਿਲਾਂ ਪ੍ਰਸ਼ਾਸਨਿਕ ਪੱਧਰ ‘ਤੇ ਕੋਈ ਗਲਤ ਫਹਿਮੀ ਹੋ ਗਈ ਸੀ, ਜਿਸ ਕਰਕੇ ਮਾਮਲਾ ਚੋਣ ਕਮਿਸ਼ਨ ਕੋਲ ਭੇਜਿਆ ਗਿਆ ਸੀ| ਉਨ੍ਹਾਂ ਦੱਸਿਆ ਕਿ ਅਸਲ ਵਿਚ ਇਹ ਮਾਮਲਾ ਆਫਤ ਪ੍ਰਬੰਧਨ ਨਾਲ ਜੁੜਿਆ ਹੋਇਆ ਸੀ ਜਿਸ ਕਰਕੇ ਇਸ ‘ਚ ਚੋਣ ਕਮਿਸ਼ਨ ਦਾ ਕੋਈ ਦਾਖਲ ਨਹੀਂ ਸੀ| ਉਨ੍ਹਾਂ ਦੱਸਿਆ ਕਿ ਚਾਰ ਪੰਜ ਦਿਨਾਂ ਤੋਂ ਫਸਲੀ ਮੁਆਵਜ਼ਾ ਵੰਡਣਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਹਫਤੇ ਵਿਚ ਵੰਡਣ ਦਾ ਟੀਚਾ ਅਧਿਕਾਰੀਆਂ ਨੂੰ ਦਿੱਤਾ ਗਿਆ ਹੈ| ਚੋਣ ਕਮਿਸ਼ਨ ਦੀਆਂ ਹਦਾਇਤਾਂ ਹਨ ਕਿ ਜਿਥੇ ਕਿਸੇ ਸਕੀਮ ਦੀ ਲਾਭਪਾਤਰੀਆਂ ਦੀ ਸਨਾਖਤ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਹੋ ਚੁੱਕੀ ਹੈ, ਉਸ ਦਾ ਅਮਲ ਰੋਕਿਆ ਨਹੀਂ ਜਾ ਸਕਦਾ ਹੈ| ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਚੋਣ ਜ਼ਾਬਤੇ ਨੇ ਮੁਆਵਜ਼ਾ ਵੰਡ ਵਿਚ ਅੜਿੱਕਾ ਪਾਇਆ ਸੀ ਅਤੇ ਉਨ੍ਹਾਂ ਨੇ 28 ਜਨਵਰੀ ਨੂੰ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਸੀ ਜਿਸ ਮਗਰੋਂ ਹੁਣ ਮੁਆਵਜ਼ਾ ਵੰਡਣਾ ਸ਼ੁਰੂ ਕੀਤਾ ਹੈ| ਇਸੇ ਦੌਰਾਨ ਅੱਜ ਖੇਤੀਬਾੜੀ ਵਿਭਾਗ ਨੇ ਗੁਲਾਬੀ ਸੁੰਡੀ ਦਾ ਤੋੜ ਲੱਭਣ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਅੱਜ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਗੁਰਮੇਲ ਸਿੰਘ ਵੱਲੋਂ ਅਚਨਚੇਤ ਬਠਿੰਡਾ ਦੇ ਪਿੰਡ ਜੀਦਾ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੀ ਟੀਮ ਵੱਲੋਂ ਕਿਸਾਨ ਗੁਰਿੰਦਰ ਸਿੰਘ ਦੇ ਖੇਤ ਵਿੱਚ ਪਈਆਂ ਨਰਮੇ ਦੀਆਂ ਛਟੀਆਂ ਦੇ ਢੇਰ ਦਾ ਨਿਰੀਖਣ ਕੀਤਾ ਗਿਆ, ਜਿਸ ਵਿੱਚ ਸੁੰਡੀ ਦਾ ਲਾਰਵਾ ਪਾਏ ਜਾਣ ’ਤੇ ਉਸ ਨੂੰ ਮੌਕੇ ’ਤੇ ਨਸ਼ਟ ਕਰਵਾਇਆ ਗਿਆ। ਡਾ ਗੁਰਮੇਲ ਸਿੰਘ ਨੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਨਰਮੇ ਦੀ ਫ਼ਸਲ ਤੋਂ ਹੋਏ ਨੁਕਸਾਨ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਪਾਖਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਇਸ ਨਾਲ ਨਜਿੱਠਣ ਲਈ ਹੇਠਲੇ ਪੱਧਰ ’ਤੇ ਕੰਮ ਕੀਤਾ ਜਾ ਰਿਹੈ, ਜਿਸ ਤਹਿਤ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਨਰਮੇ ਦੇ ਮੁਆਵਜ਼ੇ ਲਈ ਕਿਸਾਨਾਂ ਦਾ ਪੱਕਾ ਮੋਰਚਾ ਜਾਰੀ
ਸਿਰਸਾ (ਪ੍ਰਭੂ ਦਿਆਲ): ਗੁਲਾਬੀ ਸੁੰਡੀ ਨਾਲ ਨੁਕਸਾਨੀ ਨਰਮੇ ਦੀ ਫ਼ਸਲ ਦਾ ਮੁਆਵਜ਼ਾ ਤੇ ਨਹਿਰਾਂ ’ਚ ਪੰਦਰਾਂ ਦਿਨ ਪਾਣੀ ਦਿੱਤੇ ਜਾਣ ਸਮੇਤ ਅਨੇਕ ਹੋਰ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਮਿਨੀ ਸਕੱਤਰੇਤ ਦੇ ਬਾਹਰ ਦਿੱਲੀ ਦੇ ਕਿਸਾਨ ਅੰਦੋਲਨ ਦੀ ਤਰਜ਼ ’ਤੇ ਲਾਇਆ ਗਿਆ ਪੱਕਾ ਮੋਰਚਾ ਜਾਰੀ ਹੈ। ਮਿਨੀ ਸਕੱਤਰੇਤ ਦੇ ਬਾਹਰ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਹਰਿਆਣਾ ਕਿਸਾਨ ਮੰਚ ਦੇ ਸੂਬਾਈ ਪ੍ਰਧਾਨ ਪ੍ਰਹਿਲਾਦ ਸਿੰਘ ਭਾਰੂਖੇੜਾ ਨੇ ਕਿਹਾ ਕਿ ਪਿਛਲੀ ਸਾਉਣੀ ਦੀ ਮੁੱਖ ਫ਼ਸਲ ਨਰਮੇ ’ਤੇ ਗੁਲਾਬੀ ਸੁੰਡੀ ਦੇ ਹੋਏ ਹਮਲੇ ਨਾਲ ਇਲਾਕੇ ਵਿੱਚ ਪੰਜਾਹ ਤੋਂ ਸੌ ਫੀਸਦੀ ਤੱਕ ਫ਼ਸਲ ਦਾ ਨੁਕਸਾਨ ਹੋਇਆ ਹੈ। ਕਿਸਾਨ ਲਗਾਤਾਰ ਮੁਲਾਵਜ਼ੇ ਦੀ ਮੰਗ ਲਈ ਅਧਿਕਾਰੀਆਂ ਨੂੰ ਮੰਗ ਪੱਤਰ ਦਿੰਦੇ ਰਹੇ ਪਰ ਅਧਿਕਾਰੀਆਂ ਨੇ ਕੋਈ ਸੁਣਵਾਈ ਨਹੀਂ ਕੀਤੀ। ਇਸ ਲਈ ਅੱਕ ਕੇ ਪੱਕਾ ਮੋਰਚਾ ਲਾਉਣਾ ਪਿਆ ਹੈ।