ਕੇ.ਕੇ. ਬਾਂਸਲ
ਰਤੀਆ, 7 ਮਈ
ਰਤੀਆ ਦੇ ਤਹਿਸੀਲ ਦਫ਼ਤਰ ਵਿਚ ਮੁੱਖ ਮੰਤਰੀ ਦੇ ਆਦੇਸ਼ਾਂ ਦੀ ਉਲੰਘਣਾ ਕਰਕੇ ਦੇਰ ਸ਼ਾਮ ਤੱਕ ਰਜਿਸਟਰੀ ਕਰਨ ਕਾਰਨ ਲੋਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਦਾ ਦੋਸ਼ ਸੀ ਕਿ ਤਹਿਸੀਲ ਅਤੇ ਈ ਦਿਸ਼ਾ ਦਫ਼ਤਰ ਦੇ ਕਰਮਚਾਰੀਆਂ ਵੱਲੋਂ ਆਪਣੇ ਚਹੇਤਿਆਂ ਦੀ ਦੇਰ ਰਾਤ ਤੱਕ ਰਜਿਸਟਰੀ ਕੀਤੀ ਜਾ ਰਹੀ ਹੈ, ਜਦੋਂ ਕਿ ਦੂਸਰੇ ਲੋਕਾਂ ਨੂੰ ਉਥੋਂ ਵਾਪਸ ਭੇਜਿਆ ਜਾ ਰਿਹਾ ਹੈ। ਇਸ ਦੀ ਸੂਚਨਾ ਜਦੋਂ ਵਿਧਾਇਕ ਲਛਮਣ ਨਾਪਾ ਅਤੇ ਉਚ ਅਧਿਕਾਰੀਆਂ ਨੂੰ ਮਿਲੀ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਰਤੀਆ ਤਹਿਸੀਲ ਦਫ਼ਤਰ ਵਿਚ ਕੰਮ ਕਰਵਾਉਣ ਆਏ ਲੋਕਾਂ ਨੇ ਦੱਸਿਆ ਕਿ ਮੁੱਖ ਮੰਤਰੀ ਦਫ਼ਤਰ ਵਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਤਹਿਸੀਲ ਦਫ਼ਤਰ ਵਿਚ ਭ੍ਰਿਸ਼ਟਾਚਾਰ ਦੀ ਰੋਕ ਲਈ 3 ਵਜੇ ਤੱਕ ਰਜਿਸਟਰੀ ਲਈ ਟੋਕਨ ਲਗਾਇਆ ਜਾਂਦਾ ਹੈ ਅਤੇ 5 ਵਜੇ ਤੱਕ ਰਜਿਸਟਰੀ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਬੀਤੀ ਦੇਰ ਰਾਤ ਈ ਦਿਸ਼ਾ ਦੇ ਕਰਮਚਾਰੀਆਂ ਵੱਲੋਂ ਆਪਣੇ ਚਹੇਤਿਆਂ ਦੀ ਰਜਿਸਟਰੀ 7 ਵਜੇ ਤੱਕ ਕੀਤੀ ਜਾਂਦੀ ਰਹੀ, ਜਦੋਂ ਕਿ ਹੋਰ ਲੋਕਾਂ ਨੂੰ ਉਥੋਂ ਵਾਪਸ ਜਾਣ ਲਈ ਕਹਿ ਦਿੱਤਾ। ਜਦੋਂਕਿ ਬਹੁਤੇ ਵਿਅਕਤੀ ਰਜਿਸਟਰੀ ਕਰਵਾਉਣ ਲਈ ਦੂਰ ਦੂਰ ਤੋਂ ਆਏ ਹੋਏ ਸਨ ਅਤੇ ਸਵੇਰ ਤੋਂ ਸ਼ਾਮ ਤੱਕ ਭੁੱਖੇ ਪਿਆਸੇ ਤਹਿਸੀਲ ਦਫ਼ਤਰ ਵਿਚ ਹੀ ਭਟਕ ਰਹੇ ਸਨ। ਇਸ ਤੇ ਜਿਨ੍ਹਾਂ ਲੋਕਾਂ ਦੀ ਰਜਿਸਟਰੀ ਨਹੀਂ ਹੋਈ ਸੀ ਉਨ੍ਹਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਤਹਿਸੀਲ ਦਫ਼ਤਰ ਦੇ ਕਰਮਚਾਰੀਆਂ ’ਤੇ ਰਿਸ਼ਵਤ ਮੰਗਣ ਦਾ ਦੋਸ਼ ਲਗਾਉਂਦੇ ਇਸ ਦੀ ਸ਼ਿਕਾਇਤ ਵਿਧਾਇਕ ਅਤੇ ਉਚ ਅਧਿਕਾਰੀਆਂ ਨੂੰ ਕਰ ਦਿੱਤੀ।
ਇਸ ਮੌਕੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਤੋਂ ਬਾਅਦ ਵਿਧਾਇਕ ਅਤੇ ਉਚ ਅਧਿਕਾਰੀਆਂ ਨੇ ਪੂਰੇ ਮਾਮਲੇ ਵਿਚ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਰਜਿਸਟਰੀ ਅਜੇ ਤੱਕ ਨਹੀਂ ਹੋਈ ਹੈ ਉਨ੍ਹਾਂ ਦੀ ਰਜਿਸਟਰੀ ਕੀਤੀ ਜਾਵੇ ਅਤੇ ਦੇਰ ਸ਼ਾਮ ਤੱਕ ਕੰਮ ਕਰਨ ਵਾਲਿਆਂ ਦੀ ਵੀ ਜਾਂਚ ਕੀਤੀ ਜਾਵੇ। ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤੋਂ ਬਾਅਦ ਜਿਨ੍ਹਾਂ ਲੋਕਾਂ ਦੀ ਰਜਿਸਟਰੀ ਦਾ ਕੰਮ ਵਿਚਕਾਰ ਰਹਿ ਗਿਆ ਸੀ ਉਨ੍ਹਾਂ ਦੀ ਵੀ ਰਜਿਸਟਰੀ ਕੀਤੀ ਗਈ। ਇਨੈਲੋ ਨੇਤਾ ਡਾ. ਨਰੇਸ਼ ਜਿੰਦਲ ਨੇ ਦੋਸ਼ ਲਗਾਇਆ ਕਿ ਤਹਿਸੀਲ ਦਫ਼ਤਰ ਦੇ ਕਰਮਚਾਰੀਆਂ ਵੱਲੋਂ ਰਿਸ਼ਵਤ ਦੀ ਮੰਗ ਕਰਨ ਲਈ ਹੀ ਜਾਣਬੁੱਝ ਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਮੁੱਖ ਮੰਤਰੀ ਦੇ ਆਦੇਸ਼ਾਂ ਦੀ ਉਲੰਘਣਾ ਕਰਕੇ ਦੇਰ ਰਾਤ ਤੱਕ ਰਜਿਸਟਰੀ ਕੀਤੀ ਜਾਂਦੀ ਹੈ, ਇਸ ਲਈ ਪੂਰੇ ਮਾਮਲੇ ਦੀ ਵਿਜੀਲੈਂਸ ਵੱਲੋਂ ਉਚ ਪੱਧਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਇਸ ਬਾਰੇ ਜਦੋਂ ਤਹਿਸੀਲਦਾਰ ਵਿਜੇ ਮੋਹਨ ਸਿਆਲ ਤੋਂ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਫੋਨ ਚੁੱਕਣਾ ਮੁਨਾਸਬਿ ਨਾ ਸਮਝਿਆ।