ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 7 ਜੂਨ
ਹਰਿਆਣਾ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਤੇ ਹਰਿਆਣਾ ਕਾਨਫੈੱਡ ਦੇ ਸਾਬਕਾ ਚੇਅਰਮੈਨ ਬਜੰਰਗ ਦਾਸ ਗਰਗ ਨੇ ਹਰਿਆਣਾ ਸਰਕਾਰ ਦੇ ਇਸ਼ਾਰੇ ‘ਤੇ ਪੁਲੀਸ ਵੱਲੋਂ ਸ਼ਾਹਬਾਦ ਵਿੱਚ ਕਿਸਾਨਾਂ ‘ਤੇ ਕੀਤੇ ਲਾਠੀਚਾਰਜ ਦੀ ਨਿਖੇਧੀ ਕੀਤੀ ਹੈ। ਸ੍ਰੀ ਗਰਗ ਨੇ ਕਿਹਾ ਕਿ ਕਿਸਾਨਾਂ ‘ਤੇ ਕੀਤਾ ਲਾਠੀਚਾਰਜ ਭਾਜਪਾ ਦੇ ਕਫਨ ਵਿਚ ਕਿਲ ਸਾਬਤ ਹੋਵੇਗਾ ਤੇ ਇਸ ਦਾ ਬਦਲਾ ਲੋਕ ਆਉਣ ਵਾਲੀਆਂ ਚੋਣਾਂ ਵਿੱਚ ਲੈਣਗੇ । ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਸੂਰਜਮੁਖੀ ਦੀ ਖਰੀਦ ਐੱਮਐੱਸਪੀ ‘ਤੇ ਕਰਨ ਦੀ ਗੱਲ ਕਰ ਰਹੀ ਹੈ, ਦੂਜੇ ਪਾਸੇ ਭਾਵੰਤਰ ਭਰਪਾਈ ਯੋਜਨਾ ਦੇ ਤਹਿਤ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸੂਰਜਮੁਖੀ ‘ਤੇ ਕਿਸਾਨਾਂ ਨੂੰ ਦੇਣ ਦੀ ਗੱਲ ਕਰਕੇ ਉਨਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ। ਸਰਕਾਰ ਨੂੰ ਸੂਰਜਮੁਖੀ ਭਾਅ 6400 ਰੁਪਏ ਐੱਮਐੱਸਪੀ ‘ਤੇ ਖਰੀਦਣੀ ਚਾਹੀਦੀ ਹੈ । ਜਦੋਂਕਿ ਮੰਡੀਆਂ ਵਿੱਚ ਸੂਰਜਮੁਖੀ 4100 ਤੋਂ ਲੈ ਕੇ 4300 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ। ਸ੍ਰੀ ਗਰਗ ਨੇ ਕਿਹਾ ਕਿ ਕਿਸਾਨਾਂ ਦੀ ਹਰ ਫਸਲ ਆੜ੍ਹਤੀਆਂ ਦੇ ਰਾਹੀਂ ਖਰੀਦੀ ਜਾਵੇ ਤੇ ਪਿਛਲੀ ਸਰਕਾਰ ਵਾਂਗ ਆੜ੍ਹਤੀਆਂ ਨੂੰ 2.5 ਫ਼ੀਸਦ ਪੂਰੀ ਆੜ੍ਹਤ ਦੇਣੀ ਚਾਹੀਦੀ ਹੈ।
ਕਾਂਗਰਸ ਵੱਲੋਂ ਕਿਸਾਨਾਂ ‘ਤੇ ਹੋਏੇ ਲਾਠੀਚਾਰਜ ਦੀ ਨਿੰਦਾ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਕਾਂਗਰਸ ਦੇ ਸਾਬਕਾ ਬਲਾਕ ਪ੍ਰਧਾਨ ਤੇ ਕੌਂਸਲਰ ਮੋਹਨ ਲਾਲ ਭਾਂਵਰਾ ਨੇ ਸ਼ਾਹਬਾਦ ਵਿਚ ਹੋਏ ਕਿਸਾਨਾਂ ‘ਤੇ ਲਾਠੀਚਾਰਜ ਦੀ ਨਿਖੇਧੀ ਕੀਤੀ ਹੈ। ਉਨਾਂ ਕਿਹਾ ਕਿ ਐੱਮਐੱਸਪੀ ਦੀ ਮੰਗ ਕਰ ਰਹੇ ਅੰਨ ਦਾਤਿਆਂ ‘ਤੇ ਨਿਰਦਈ ਹੋ ਕੇ ਡੰਡੇ ਮਾਰੇ ਗਏ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਲੀ ਕਿਸਾਨ ਵਿਰੋਧੀ ਸਰਕਾਰ ਸੂਰਜਮੁਖੀ ਦੀ ਐੱਮਐੱਸਪੀ ‘ਤੇ ਖਰੀਦ ਕਰਨ ਤੋਂ ਮੁੱਕਰ ਰਹੀ ਹੈ। ਉਨਾਂ ਕਿਹਾ ਕਿ ਕਿਸਾਨ ਸ਼ਾਂਤੀਪੂਰਨ ਸੂਰਜਮੁਖੀ ਦੀ ਫਸਲ ਦੀ ਐੱਮਐੱਸਪੀ ‘ਤੇ ਖਰੀਦ ਕਰਨ ਦੀ ਮੰਗ ਕਰ ਰਹੇ ਸਨ। ਇਸ ਦੌਰਾਨ ਕਿਸਾਨਾਂ ਦੀ ਆਵਾਜ਼ ਦਬਾਉਣ ਲਈ ਉਨ੍ਹਾਂ ‘ਤੇ ਲਾਠੀਆਂ ਦਾ ਮੀਂਹ ਵਰ੍ਹਾਇਆ ਗਿਆ। ਕਾਂਗਰਸ ਨੇਤਾ ਜਗਮੋਹਨ ਸੇਠੀ ਨੇ ਵੀ ਸੂਬਾ ਸਰਕਾਰ ਨੂੰ ਲੰਮੇ ਹਥੀਂ ਲੈਂਦਿਆ ਕਿਹਾ ਕਿ ਕਿਸਾਨਾਂ ਤੇ ਗਠਜੋੜ ਸਰਕਾਰ ਵਲੋਂ ਕੀਤਾ ਗਿਆ ਲਾਠੀਚਰਾਜ ਸਰਕਾਰ ਦੇ ਕਫਨ ਵਿਚ ਕਿਲ ਦਾ ਕੰਮ ਕਰੇਗਾ। ਲੋਕ ਆਉਣ ਵਾਲੀਆਂ ਚੋਣਾਂ ਵਿਚ ਵੋਟ ਦੀ ਤਾਕਤ ਨਾਲ ਭਾਜਪਾ ਨੂੰ ਕਰਾਰਾ ਸਬਕ ਸਿਖਾਉਣਗੇ। ਕਾਂਗਰਸ ਆਗੂ ਅੱਜ ਹੱਥ ਨਾਲ ਹੱਥ ਜੋੜੇ ਅਭਿਆਨ ਦੇ ਤਹਿਤ ਪਿੰਡ ਕੁਰੜੀ ਤੇ ਗੋਰਖਾ ਵਿਚ ਕਾਂਗਰਸ ਦੀਆਂ ਨੀਤੀਆਂ ਦਾ ਪ੍ਰਚਾਰ ਕਰ ਰਹੇ ਸਨ।