ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਨਵੰਬਰ
ਹਰਿਆਣਾ ਸਰਕਾਰ ਨੇ ਸੂਬੇ ਦੇ ਵੱਖ-ਵੱਖ ਵਿਭਾਗਾਂ ਵਿੱਚ ਮੁਲਾਜ਼ਮਾਂ ਵੱਲੋਂ ਲੋਕ ਹਿੱਤ ਵਿੱਚ ਚੰਗੇ ਕੰਮਾਂ ਨੂੰ ਯਕੀਨੀ ਬਨਾਉਣ ਲਈ ‘ਹਰਿਆਣਾ ਸੁਸ਼ਾਸਨ ਪੁਰਸਕਾਰ ਯੋਜਨਾ 2024’ ਦੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਅਧੀਨ ਵੱਖ-ਵੱਖ ਵਿਭਾਗਾਂ ਤੇ ਬੋਰਡਾਂ ਵਿੱਚ ਚੰਗਾ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਰਾਜ ਤੇ ਜ਼ਿਲ੍ਹਾ ਪੱਧਰ ’ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਹਰਿਆਣਾ ਦੇ ਮੁੱਖ ਸਕੱਤਰ ਵਿਵੇਕ ਜੋਸ਼ੀ ਨੇ ਕੀਤਾ। ਉਨ੍ਹਾਂ ਕਿਹਾ ਕਿ ਰਾਜ ਪੱਧਰੀ ਫਲੈਗਸ਼ਿਪ ਯੋਜਨਾ ਤਹਿਤ ਉਨ੍ਹਾਂ ਪ੍ਰਮੁੱਖ ਪਰਿਯੋਜਨਾਵਾਂ ਵਿੱਚ ਸ਼ਾਮਲ ਟੀਮਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਦੇ ਸ਼ਾਸਨ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਰਾਜ ਪੱਧਰੀ ਪੁਰਸਕਾਰਾਂ ਵਿੱਚ ਮੁਲਾਜ਼ਮਾਂ ਨੂੰ ਪ੍ਰਸ਼ੰਸਾ ਪੱਤਰ, ਟਰਾਫੀ ਦਿੱਤੀ ਜਾਵੇਗੀ।