ਪੱਤਰ ਪ੍ਰੇਰਕ
ਏਲਨਾਬਾਦ, 1 ਅਗਸਤ
ਆਈਐੱਸਓ ਦੇ ਕੌਮੀ ਪ੍ਰਧਾਨ ਅਤੇ ਇਨੈਲੋ ਨੇਤਾ ਅਰਜੁਨ ਚੌਟਾਲਾ ਨੇ ਕਿਹਾ ਕਿ ਭਾਜਪਾ ਦੇ ਮੌਜੂਦਾ ਰਾਜ ਵਿੱਚ ਸੂਬੇ ਵਿੱਚ ਅਪਰਾਧ ਦੇ ਗਰਾਫ ਵਿੱਚ ਵਾਧਾ ਹੋਇਆ ਹੈ। ਚੌਟਾਲਾ ਅੱਜ ਰਾਣੀਆਂ ਹਲਕੇ ਦੇ ਪਿੰਡਾਂ ਭੰਬੂਰ, ਭੰਬੂਰ ਖੁਰਦ, ਮੰਗਾਲਾ, ਢਾਣੀ ਕਾਹਨ ਸਿੰਘ, ਟੀਟੂਖੇੜਾ, ਨਾਨਕਪੁਰ, ਚੱਕਰਾਈਆਂ, ਚੱਕ ਸਾਹਿਬਾ, ਮੌਜਦੀਨ, ਗਿੱਦੜਾਂਵਾਲੀ, ਢਾਣੀ ਪ੍ਰਤਾਪ ਸਿੰਘ ਅਤੇ ਓਟੂ ਵਿਖੇ ਜਨ ਸੰਪਰਕ ਦੌਰਾਨ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਸੂਬੇ ਦਾ ਕੋਈ ਵੀ ਜ਼ਿਲ੍ਹਾ ਸੁਰੱਖਿਅਤ ਨਹੀਂ ਹੈ ਅਤੇ ਵਪਾਰੀਆਂ ਅਤੇ ਸਿਆਸਤਦਾਨਾਂ ਤੋਂ ਫਿਰੌਤੀ ਮੰਗੀ ਜਾ ਰਹੀ ਹੈ ਜਿਸਤੋਂ ਸਾਬਤ ਹੁੰਦਾ ਹੈ ਕਿ ਹਰਿਆਣਾ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਲੀਹੋਂ ਲੱਥ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਆਗੂ ਕਿਸਾਨਾਂ ਨੂੰ ਨਕਲੀ ਖਾਦਾਂ ਤੇ ਬੀਜ ਆਦਿ ਵੰਡਣ ਵਿੱਚ ਲੱਗੇ ਹੋਏ ਹਨ। ਚੌਟਾਲਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਇਨੈਲੋ-ਬਸਪਾ ਗਠਜੋੜ ਦੀ ਸਰਕਾਰ ਬਣਨ ਦਾ ਦਾਅਵਾ ਵੀ ਕੀਤਾ। ਇਸ ਮੌਕੇ ਇਨੈਲੋ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਕਰੀਵਾਲਾ, ਸੁਭਾਸ਼ ਨੈਨ, ਧਰਮਵੀਰ ਨੈਨ ਤੇ ਹੋਰ ਹਾਜ਼ਰ ਸਨ।