ਪੱਤਰ ਪ੍ਰੇਰਕ
ਟੋਹਾਣਾ, 4 ਜਨਵਰੀ
ਭਾਜਪਾ ਦੇ ਸਾਬਕਾ ਵਿਧਾਇਕ ਬਲਵਾਨ ਸਿੰਘ ਦੌਲਤਪੁਰੀਆ ਨੇ ਖੇਤੀਬਾੜੀ ਦੇ ਤਿੰਨ ਕਾਨੂੰਨ ਰੱਦ ਕਰਨ ਲਈ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਕੇਂਦਰ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਕਿਸਾਨਾਂ ਨੂੰ ਥਕਾਓ ਤੇ ਭਜਾਓ ਦੀ ਨੀਤੀ ਛੱਡ ਕੇ ਅੰਦੋਲਨਕਾਰੀ ਕਿਸਾਨਾਂ ਨੂੰ ਸਨਮਾਨ ਨਾਲ ਦਿੱਲੀ ਤੋਂ ਵਿਦਾ ਕਰੋ। ਭਾਜਪਾ ਨੇਤਾ ਨੇ ਪ੍ਰਧਾਨ ਮੰਤਰੀ ਤੋਂ ਲੈ ਕੇ ਕੇਂਦਰੀ ਮੰਤਰੀਆਂ ਤੱਕ ਪੱਤਰ ਲਿਖ ਕੇ ਕਿਸਾਨਾਂ ਦੇ ਅੰਦੋਲਨ ਨੂੰ ਜਾਇਜ਼ ਦੱਸ ਚੁੱਕੇ ਹਨ। ਦੌਲਤਪੁਰੀਆ ਆਪਣੇ ਮਨ ਦੀ ਗੱਲ ’ਚ ਲਗਾਤਾਰ ਸ਼ੋਸ਼ਲ ਮੀਡੀਆ ’ਤੇ ਕਿਸਾਨਾਂ ਦਾ ਪੱਖ ਪੂਰਦੇ ਰਹੇ ਹਨ। ਬੀਤੇ ਦਿਨ ਸਰਦੀ ਤੇ ਮੀਂਹ ਕਾਰਨ ਚਾਰ ਕਿਸਾਨਾਂ ਦੀ ਮੌਤ ਤੋਂ ਸਾਬਕਾ ਵਿਧਾਇਕ ਪੀੜਤ ਕਿਸਾਨ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਕਰਦੇ ਹੋਏ ਕਿਸਾਨਾ ਦੀਆਂ ਮੰਗਾਂ ਦੇ ਜਲਦੀ ਨਿਪਟਾਰੇ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾ ਚੁੱਕੇ ਹਨ। ਉਨ੍ਹਾ ਨੇ ਦਿੱਲੀ ਅੰਦੋਲਨ ਵਿੱਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਸਦਮੇ ਵਿੱਚ ਛੇਤੀ ਉਭਰਨ ਲਈ ਅਰਦਾਸ ਕੀਤੀ। ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੂੰ ਕੀਤੇ ਟਵੀਟ ਵਿੱਚ ਦੌਲਤਪੂਰੀਆ ਨੇ ਕਿਹਾ ਕਿ ਕਿਸਾਨਾਂ ਨੂੰ ਥਕਾਓ ਤੇ ਭਜਾਓ ਦੀ ਨੀਤੀ ਛੱਡ ਕੇ ਖੇਤੀ ਕਾਨੂੰਨਾਂ ਨੂੰ ਬਿਨਾ ਸ਼ਰਤ ਵਾਪਸ ਲਿਆ ਜਾਏ। ਦੌਲਤਪੂਰੀਆ ਨੇ ਕਿਹਾ ਕਿ ਠੰਢ ਤੇ ਬਰਸਾਤ ਵਿੱਚ ਜਿਸ ਤਰ੍ਹਾਂ ਕਿਸਾਨਾਂ ਦੀਆਂ ਦਰਦਨਾਕ ਮੌਤਾਂ ਹੋ ਰਹੀਆਂ ਹਨ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਸਮਝਿਆ ਜਾਵੇ ਤੇ ਅੰਦੋਲਨ ਸਮਾਪਤ ਕਰਾਉਣਾ ਹੀ ਅਸਲੀ ਰਾਜਧਰਮ ਹੈ। ਜੇ ਸਰਕਾਰ ਅੰਦੋਲਨ ਸਮਾਪਤ ਕਰਵਾਉਣ ਦੀ ਪਹਿਲ ਕਰਦੀ ਹੈ ਤਾਂ ਇਹ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਹੋਵੇਗੀ।