ਅੰਬਾਲਾ, 29 ਮਈ
ਸੀਨੀਅਰ ਆਈਪੀਐਸ ਅਧਿਕਾਰੀ ਵਾਈ ਪੁਰਾਨ ਕੁਮਾਰ ਨੇ ਅੰਬਾਲਾ ਦੇ ਐਸਐਸਪੀ ਤੇ ਅੰਬਾਲਾ ਕੰਟੋਨਮੈਂਟ ਪੁਲੀਸ ਸਟੇਸ਼ਨ ਦੇ ਮੁਖੀ ਨੂੰ ਇਸ ਕਰ ਕੇ ਲੀਗਲ ਨੋਟਿਸ ਭੇਜਿਆ ਹੈ ਕਿਉਂਕਿ ਉਨ੍ਹਾਂ ਨੇ ਸ਼ਿਕਾਇਤ ਦੇ ਆਧਾਰ ’ਤੇ ਹਰਿਆਣਾ ਪੁਲੀਸ ਮੁਖੀ ਮਨੋਜ ਯਾਦਵ ਖਿਲਾਫ਼ ਐਫਆਈਆਰ ਦਰਜ ਨਹੀਂ ਕੀਤੀ। ਇੰਸਪੈਕਟਰ ਜਨਰਲ ਆਫ ਪੁਲੀਸ (ਹੋਮ ਗਾਰਡਜ਼) ਵਜੋਂ ਤਾਇਨਾਤ ਕੁਮਾਰ ਨੇ ਐਸਐਸਪੀ ਹਾਮਿਦ ਅਖਤਰ ਨੂੰ 19 ਮਈ ਨੂੰ ਸ਼ਿਕਾਇਤ ਦਿੱਤੀ ਸੀ ਕਿ ਐਸਸੀ ਤੇ ਐਸਟੀ ਐਕਟ ਹੇਠ ਪੁਲੀਸ ਮੁਖੀ ਯਾਦਵ ’ਤੇ ਕੇਸ ਦਰਜ ਕੀਤਾ ਜਾਵੇ। ਉਸ ਦੇ ਵਕੀਲ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਇਸ ਮਾਮਲੇ ਵਿਚ ਕੋਈ ਮੁੱਢਲੀ ਜਾਂਚ ਦੀ ਜ਼ਰੂਰਤ ਨਹੀਂ ਹੈ ਜਿਸ ਕਰ ਕੇ ਕੇਸ ਦਰਜ ਕਰਨਾ ਬਣਦਾ ਸੀ ਜੋ ਨਹੀਂ ਕੀਤਾ ਗਿਆ। ਸ੍ਰੀ ਕੁਮਾਰ ਨੇ ਦੋਸ਼ ਲਾਇਆ ਸੀ ਕਿ ਹਰਿਆਣਾ ਦਾ ਪੁਲੀਸ ਮੁਖੀ ਉਸ ਦੇ ਐਸਸੀ ਹੋਣ ’ਤੇ ਨਿੱਜੀ ਰੰਜ਼ਿਸ਼ ਰੱਖਦਾ ਸੀ ਤੇ ਉਸ ਦਾ ਕਈ ਵਾਰ ਅਪਮਾਨ ਵੀ ਕੀਤਾ ਗਿਆ ਸੀ। ਉਸ ਨੇ ਇਹ ਵੀ ਦੋਸ਼ ਲਾਇਆ ਸੀ ਕਿ ਯਾਦਵ ਉਸ ਨੂੰ ਪੂਜਾ ਦੇ ਸਥਾਨ ਅੰਦਰ ਦਾਖਲ ਹੋਣ ਤੋਂ ਵੀ ਰੋਕਦਾ ਸੀ।-ਪੀਟੀਆਈ