ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 9 ਮਾਰਚ
ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਰਾਸ਼ਟਰੀ ਮੀਡੀਆ ਬੁਲਾਰੇ ਰਾਕੇਸ਼ ਬੈਂਸ ਨੇ ਹਰਿਆਣਾ ਦੇ ਸੀਆਈਡੀ ਚੀਫ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕਿਸਾਨ ਅੰਦੋਲਨ ਦੇ ਸਮੇਂ ਸਰਕਾਰ ਨਾਲ ਹੋਏ ਸਮਝੌਤੇ ਨੂੰ ਪੂਰਨ ਤੌਰ ’ਤੇ ਲਾਗੂ ਕੀਤਾ ਜਾਏ। ਪੱਤਰ ਵਿਚ ਕਿਹਾ ਗਿਆ ਹੈ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨਾਂ ਦੇ ਉੱਚ ਆਗੂਆਂ ਤੇ ਮੁੱਖ ਮੰਤਰੀ ਹਰਿਆਣਾ ਸਰਕਾਰ ਨਾਲ ਹੋਈ ਸਮਝੌਤਾ ਵਾਰਤਾ ਮੁਤਾਬਕ ਅਜੇ ਤਕ ਸਮਝੌਤੇ ਨੂੰ ਪੂਰੇ ਤੌਰ ’ਤੇ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਕਿਸਾਨਾਂ ਦੀ ਸੂਚੀ ਦੇ ਨਾਲ ਨਾਲ 9 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋਏ ਕਿਸਾਨਾਂ ਦੀ ਸੂਚੀ ਵੀ ਸੌਂਪੀ ਸੀ ਪਰ ਅਜੇ ਤਕ ਉਨ੍ਹਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ। ਇਸ ਦੇ ਸਾਰੇ ਦਸਤਾਵੇਜ਼ ਸਰਕਾਰ ਨੂੰ ਸੌਂਪੇ ਜਾ ਚੁੱਕੇ ਹਨ। ਪੱਤਰ ਵਿਚ ਕਿਹਾ ਗਿਆ ਹੈ ਕਿ ਸੂਬੇ ਵਿਚ ਕਾਫੀ ਗਿਣਤੀ ਵਿਚ ਕਿਸਾਨ ਅੰਦੋਲਨ ਦੇ ਅੰਦੋਲਨਕਾਰੀ ਕੇਸਾਂ ਨੂੰ ਅਪਰਾਧਿਕ ਕੇਸ ਦਿਖਾ ਕੇ ਕਿਸਾਨਾਂ ਦੇ ਅਸਲਾ ਲਾਇਸੈਂਸ ਰੱਦ ਕੀਤੇ ਜਾ ਰਹੇ ਹਨ ਤੇ ਅਸਲਾ ਲਾਇਸੈਂਸ ਦਾ ਨਵੀਨੀਕਰਨ ਨਹੀਂ ਕੀਤਾ ਜਾ ਰਿਹਾ। ਜਦਕਿ ਕਾਫੀ ਗਿਣਤੀ ਵਿਚ ਕਿਸਾਨ ਅੰਦੋਲਨ ਦੇ ਕੇਸ ਵਾਪਸ ਹੋ ਚੁਕੇ ਹਨ। ਕਿਸਾਨ ਅੰਦੋਲਨ ਦੇ ਸਾਰੇ ਕੇਸ ਵਾਪਸੀ ਤੇ ਸ਼ਹੀਦ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੁੱਖ ਗੱਲ ਸੀ ਪਰ ਅਜੇ ਵੀ ਕਿਸਾਨ ਅੰਦੋਲਨਕਾਰੀਆਂ ਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਕੇਸ ਬਕਾਇਆ ਹਨ ਜਿਨ੍ਹਾਂ ਨੂੰ ਵਿਭਾਗ ਦੇ ਨੋਟਿਸ ਵਿਚ ਪਹਿਲਾਂ ਵੀ ਕਈ ਵਾਰ ਲਿਆਂਦਾ ਗਿਆ ਹੈ। ਜਦਕਿ ਇਨ੍ਹਾਂ ਦੀ ਚਰਚਾ ਮੁੱਖ ਮੰਤਰੀ ਦੀ ਮੌਜੂਦਗੀ ਵਿਚ ਹੋਈ ਸੀ । ਜ਼ਿਕਰਯੋਗ ਹੈ ਕਿ ਕੁਰੂਕਸ਼ੇਤਰ ਵਿਚ ਸ਼ਾਹਬਾਦ,ਇਸਮਾਈਲਾਬਾਦ ਤੇ ਸਿਰਸਾ ਦੇ ਕੇਸ ਸਬੰਧੀ ਅਜੇ ਅਦਾਲਤਾਂ ਤੋਂ ਸੰਮਨ ਭੇਜੇ ਜਾ ਰਹੇ ਹਨ।