ਪੱਤਰ ਪ੍ਰੇਰਕ
ਗੂਹਲਾ ਚੀਕਾ, 13 ਅਗਸਤ
ਹਰਿਆਣਾ ਦੀਆਂ ਸਿੱਖ ਸੰਗਤਾਂ ਦਾ ਵਫਦ ਖਜਾਨ ਸਿੰਘ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ (ਮਾਨ) ਦੀ ਅਗਵਾਈ ਵਿੱਚ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਜਾ ਕੇ ਮਿਲਿਆ ਅਤੇ ਮੰਗ ਪੱਤਰ ਦਿੱਤਾ। ਸਿੱਖ ਸੰਗਤਾਂ ਨੇ ਲੰਮੇਂ ਸਮੇਂ ਤੱਕ ਜਥੇਦਾਰ ਅਕਾਲ ਤਖ਼ਤ ਸਾਹਿਬ ਨਾਲ ਗੱਲਬਾਤ ਕੀਤੀ ਅਤੇ ਜਥੇਦਾਰ ਨੂੰ ਦੱਸਿਆ ਕਿ ਹਰਪ੍ਰੀਤ ਸਿੰਘ ਨਰੂਲਾ, ਜੋ ਕਰਨਾਲ ਦਾ ਰਹਿਣ ਵਾਲਾ ਅੰਮ੍ਰਿਤਧਾਰੀ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰਿਆਣਾ ਸਰਕਾਰ ਵੱਲੋਂ ਨਾਮਜ਼ਦ ਮੈਂਬਰ ਹੈ।
ਉਨ੍ਹਾਂ ਨੇ ਜਥੇਦਾਰ ਦੇ ਧਿਆਨ ’ਚ ਲਿਆਂਦਾ ਕਿ ਪਿਛਲੀ ਦਿਨੀਂ ਹਰਪ੍ਰੀਤ ਸਿੰਘ ਨਰੂਲਾ ਦੀਆਂ ਕਥਿਤ ਤੌਰ ’ਤੇ ਅਸ਼ਲੀਲ ਫੋਟੋਆਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ। ਉਨ੍ਹਾਂ ਕਿਹਾ ਕਿ ਜਾਂਚ ਕਰਨ ’ਤੇ ਪਤਾ ਚੱਲਿਆ ਕਿ ਇਹ ਫੋਟੋਆਂ ਅਸਲੀ ਹਨ। ਇਸ ਲਈ ਹਰਪ੍ਰੀਤ ਸਿੰਘ ਨਰੂਲਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਕੇ ਸਿੱਖ ਪੰਥ ਵਿੱਚੋਂ ਖਾਰਜ ਕੀਤਾ ਜਾਵੇ। ਜਥੇਦਾਰ ਨੇ ਮੰਗ ਪੱਤਰ ਪ੍ਰਾਪਤ ਕਰਕੇ ਜਾਂਚ ਪੜਤਾਲ ਕਰਕੇ ਸੰਗਤਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ। ਸਿੱਖ ਸੰਗਤਾਂ ਚੀਕਾ ਕੈਥਲ ਤੋਂ ਜਿੱਥੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਦਫਤਰ ਹੈ, ਉੱਥੋ ਪੁੱਜੀਆਂ ਹੋਈਆਂ ਸਨ।
ਦਾਦੂਵਾਲ ਨੇ ਵੀ ਕਾਰਵਾਈ ਦੀ ਕੀਤੀ ਸੀ ਸਿਫਾਰਿਸ਼
ਇਸ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਹਰਪ੍ਰੀਤ ਸਿੰਘ ਨਰੂਲਾ ਦੇ ਖਿਲਾਫ ਕਾਰਵਾਈ ਕਰਵਾਉਣ ਲਈ ਗੁਰਦੁਆਰਾ ਸਾਹਿਬ ਪਾਤਸਾਹੀ ਛੇਵੀਂ ਅਤੇ ਨੌਵੀਂ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਵੀ ਮੈਮੋਰੰਡਮ ਦੇ ਚੁੱਕੇ ਹਨ। ਇਸ ਮੈਮੋਰੰਡਮ ਤੋਂ ਬਾਅਦ ਜਥੇਦਾਰ ਦਾਦੂਵਾਲ ਨੇ ਇਸ ਸਾਰੇ ਮਾਮਲੇ ਦੀ ਜਾਂਚ ਲਈ ਤਿਨ ਮੈਬਰੀ ਕਮੇਟੀ ਗਠਿਤ ਕੀਤੀ ਸੀ ਜਿਸ ਦਾ ਫੈਸਲਾ ਆਉਣ ਤੋਂ ਬਾਅਦ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਹਰਪ੍ਰੀਤ ਸਿੰਘ ਨਰੂਲਾ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਲਿਖਿਆ ਸੀ।