ਪ੍ਰਭੂ ਦਿਆਲ
ਸਿਰਸਾ, 17 ਜੁਲਾਈ
ਆਬਕਾਰੀ ਵਿਭਾਗ ਦੀ ਟੀਮ ਨੇ ਸ਼ਹਿਰ ਦੇ ਸ਼ਰਾਬ ਦੇ ਕਈ ਠੇਕਿਆਂ ’ਤੇ ਛਾਪੇ ਮਾਰੇ। ਤਿੰਨ ਠੇਕਿਆਂ ’ਤੇ ਬੇਨਿਯਮੀਆਂ ਮਿਲਣ ’ਤੇ ਉਨ੍ਹਾਂ ਨੂੰ ਸੀਲ ਕੀਤਾ ਗਿਆ। ਛਾਪਿਆਂ ਦੌਰਾਨ ਅਧਿਕਾਰੀਆਂ ਨਾਲ ਸੁਰੱਖਿਆ ਦੇ ਮੱਦੇਨਜ਼ਰ ਸਿਟੀ ਥਾਣਾ ਪੁਲੀਸ ਵੱਡੀ ਗਿਣਤੀ ’ਚ ਮੌਜੂਦ ਰਹੀ। ਪ੍ਰਾਪਤ ਜਾਣਕਾਰੀ ਅਨੁਸਾਰ ਆਬਕਾਰੀ ਵਿਭਾਗ ਦੀ ਟੀਮ ਨੇ ਅੱਜ ਸਵੇਰੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਨੇੜੇ ਸਥਿਤ ਇਕ ਸ਼ਰਾਬ ਦੇ ਠੇਕੇ ’ਤੇ ਛਾਪਾ ਮਾਰਿਆ ਤੇ ਠੇਕੇ ਦਾ ਸਾਰਾ ਰਿਕਾਡ ਕਬਜ਼ੇ ਵਿੱਚ ਲੈ ਕੇ ਠੇਕੇ ਨੂੰ ਸੀਲ ਕਰ ਦਿੱਤਾ। ਇਸ ਦੌਰਾਨ ਆਬਕਾਰੀ ਵਿਭਾਗ ਦੀ ਟੀਮ ਦੇ ਅਧਿਕਾਰੀ ਮੀਡੀਆ ਤੋਂ ਬਚਦੇ ਨਜ਼ਰ ਆਏ ਤੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਘੰਟਾ ਘਰ ਚੌਕ ਨੇੜੇ ਸਥਿਤ ਇਕ ਸ਼ਰਾਬ ਦੇ ਠੇਕੇ ’ਤੇ ਛਾਪਾ ਮਾਰਿਆ ਗਿਆ ਤੇ ਇਸੇ ਦੌਰਾਨ ਜੇ ਜੇ ਕਾਲੋਨੀ ਨੇੜੇ ਸਥਿਤ ਇਕ ਸ਼ਰਾਬ ਦੇ ਠੇਕੇ ’ਤੇ ਛਾਪਾ ਮਾਰਿਆ ਗਿਆ। ਦੱਸਿਆ ਗਿਆ ਹੈ ਕਿ ਠੇਕਿਆਂ ਦੇ ਰਿਕਾਰਡ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ ਤੇ ਤਿੰਨਾਂ ਠੇਕਿਆਂ ਨੂੰ ਅਗਲੇ ਆਦੇਸ਼ਾਂ ਤੱਕ ਸੀਲ ਕਰ ਦਿੱਤਾ ਗਿਆ ਹੈ। ਲੋਕਾਂ ਨੇ ਦੱਸਿਆ ਹੈ ਕਿ ਉਕਤ ਸ਼ਰਾਬ ਦੇ ਠੇਕੇਦਾਰ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਸ਼ਰਾਬ ਦੀ ਵਿਕਰੀ ਕਰਦੇ ਸਨ। ਉਨ੍ਹਾਂ ਦੱਸਿਆ ਸ਼ਹਿਰ ਦੇ ਬਹੁਤ ਸਾਰੇ ਅਜਿਹੇ ਠੇਕੇ ਹਨ, ਜਿਹੜੇ ਆਪਣੀ ਮਨਮਰਜ਼ੀ ਦੇ ਰੇਟਾਂ ’ਤੇ ਸ਼ਰਾਬ ਦੀ ਵਿਕਰੀ ਕਰਦੇ ਹਨ। ਇਹ ਸ਼ਿਕਾਇਤਾਂ ਸਰਕਾਰ ਨੂੰ ਮਿਲ ਰਹੀਆਂ ਸਨ, ਜਿਸ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ।