ਪੱਤਰ ਪ੍ਰੇਰਕ
ਜੀਂਦ, 8 ਜਨਵਰੀ
ਜ਼ਿਲ੍ਹੇ ਵਿੱਚ ਯੂਰੀਆ ਖਾਦ ਦੀ ਕਿੱਲਤ ਅਜੇ ਵੀ ਬਰਕਰਾਰ ਹੈ। ਕਿਸਾਨਾਂ ਨੂੰ ਯੂਰੀਆ ਨਾ ਮਿਲਣ ਕਾਰਨ ਭਾਰੀ ਪ੍ਰੇਸ਼ਾਨ ਦਾ ਸਾਹਮਣਾ ਕਰਨਾ ਰੈ ਰਿਹਾ ਹੈ। ਅੱਜ ਜਿਵੇਂ ਹੀ ਕਿਸਾਨਾਂ ਨੂੰ ਯੁਰੀਆ ਖਾਦ ਆਉਣ ਬਾਰੇ ਪਤਾ ਲੱਗਿਆ ਤਾਂ ਮਹਿਲਾਵਾਂ ਸਮੇਤ ਕਿਸਾਨ ਉਸ ਦੁਕਾਨ ਉੱਤੇ ਵੱਡੀ ਗਿਣਤੀ ਵਿੱਚ ਪਹੁੰਚ ਗਏ। ਕਿਸਾਨ ਹਰਪਾਲ ਸਿੰਘ, ਜੋਗਿੰਦਰ ਸਿੰਘ ਅਤੇ ਰਾਜੇਸ਼ ਕੁਮਾਰ ਨੇ ਦੱਸਿਆ ਕਿ ਲੋੜ ਅਨੁਸਾਰ ਖਾਦ ਨਾ ਮਿਲਣ ਕਰਕੇ ਕਿਸਾਨ ਨਿਰਾਸ਼ ਹੋ ਕੇ ਵਾਪਸ ਪਰਤਣ ਲਈ ਮਜਬੂਰ ਹਨ। ਕਿਸਾਨਾਂ ਨੇ ਕਿਹਾ ਕਿ ਜੇਕਰ ਫਸਲਾਂ ਨੂੰ ਲੋੜੀਂਦੀ ਖਾਦ ਨਹੀਂ ਮਿਲੀ ਤਾਂ ਫਸਲਾਂ ਪ੍ਰਭਾਵਿਤ ਹੋਣਗੀਆਂ। ਉਨ੍ਹਾਂ ਨੇ ਦੱਸਿਆ ਕਿ ਖਾਦ ਆਉਣ ਦੀ ਜਾਣਕਾਰੀ ਮਿਲਦਿਆਂ ਹੀ ਇਕੱਲੇ ਪੁਰਸ਼ ਹੀ ਨਹੀਂ, ਸਗੋਂ ਮਹਿਲਾਵਾਂ ਵੀ ਕੜਾਕੇ ਦੀ ਠੰਢ ਵਿੱਚ ਦੁਕਾਨਾਂ ਅੱਗੇ ਲਾਈਨਾਂ ਲੱਗਣ ਲਈ ਮਜਬੂਰ ਹਨ।