ਨਿਜੀ ਪੱਤਰ ਪ੍ਰੇਰਕ
ਅੰਬਾਲਾ, 3 ਮਈ
ਖੁਦ ਨੂੰ ਪੰਜੋਖਰਾ ਥਾਣੇ ਤੋਂ ਤਲਾਸ਼ੀ ਲੈਣ ਆਏ ਪੁਲੀਸ ਮੁਲਾਜ਼ਮ ਦੱਸ ਕੇ ਹਥਿਆਰਬੰਦ ਬਦਮਾਸ਼ ਲੰਘੀ ਰਾਤ ਡੇਢ ਵਜੇ ਦੇ ਕਰੀਬ ਅੰਬਾਲਾ-ਨਰਾਇਣਗੜ੍ਹ ਰੋਡ ’ਤੇ ਖਤੌਲੀ ਸਥਿਤ ਆਸ਼ਰਮ ਵਿੱਚ ਦਾਖਲ ਹੋ ਗਏ ਅਤੇ ਉੱਥੇ ਮੌਜੂਦ ਮਹੰਤਾਂ ਨਾਲ ਕੁੱਟ-ਮਾਰ ਕਰਕੇ ਸੋਨੇ, ਚਾਂਦੀ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਲੈ ਗਏ। ਪੰਜੋਖਰਾ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਡੇਰੇ ਦੇ ਮੁਖੀ ਸਵਾਮੀ ਗਿਆਨ ਨਾਥ ਨੇ ਦੱਸਿਆ ਕਿ ਉਹ ਸ੍ਰੀ ਨਿਰੰਕਾਰੀ ਜਾਗ੍ਰਿਤੀ ਮਿਸ਼ਨ ਖਤੌਲੀ ਅਤੇ ਮਹੰਤ ਜਸਪਾਲ ਮਸਤ ਗਿਰੀ ਮਹੰਤ ਸ਼੍ਰੀ ਆਦਿ ਸ਼ਕਤੀ ਮਾਂ ਜਵਾਲਾ ਜੀ ਖਤੌਲੀ ਦੇ ਰਹਿਣ ਵਾਲੇ ਹਨ। ਲੰਘੀ ਰਾਤ ਕਰੀਬ 1.35 ਵਜੇ ਅਚਾਨਕ 5 ਵਿਅਕਤੀ ਆਸ਼ਰਮ ਵਿੱਚ ਆਏ ਜਿਨ੍ਹਾਂ ਦੇ ਹੱਥਾਂ ਵਿੱਚ ਅਸਲਾ, ਡੰਡੇ ਅਤੇ ਤੇਜ਼ਧਾਰ ਹਥਿਆਰ ਸਨ। ਉਨ੍ਹਾਂ ਕਿਹਾ ਕਿ ਉਹ ਇਕ ਸ਼ਿਕਾਇਤ ਦੇ ਸਿਲਸਿਲੇ ਵਿੱਚ ਆਸ਼ਰਮ ਦੀ ਤਲਾਸ਼ੀ ਲੈਣ ਲਈ ਪੰਜੋਖਰਾ ਥਾਣੇ ਤੋਂ ਆਏ ਹਨ। ਮੰਕੀ ਕੈਪ ਪਹਿਨ ਕੇ ਆਏ ਪੰਜੇ ਵਿਅਕਤੀ ਉਨ੍ਹਾਂ ਦੇ ਡੰਡੇ ਅਤੇ ਥੱਪੜ ਮਾਰਨ ਲੱਗ ਪਏ ਤੇ ਜ਼ਬਰਦਸਤੀ ਚਾਬੀ ਲੈ ਕੇ ਅਲਮਾਰੀ ਅਤੇ ਬਕਸੇ ਖੋਲ੍ਹ ਲਏ ਤੇ ਉਨ੍ਹਾਂ ਵਿੱਚ ਰੱਖਿਆ ਹੋਇਆ ਕੈਸ਼ ਕੱਢ ਲਿਆ। ਬਦਮਾਸ਼ ਦੋਹਾਂ ਮਹੰਤਾਂ ਵੱਲੋਂ ਪਹਿਨੇ ਹੋਏ ਕੁੰਡਲ, ਤਿੰਨ ਅੰਗੂਠੀਆਂ ਸੋਨਾ, ਇਕ ਚੇਨ ਚਾਂਦੀ, ਇਕ ਕੜਾ ਚਾਂਦੀ ਅਤੇ 7 ਮੋਬਾਈਲ ਫ਼ੋਨ ਲੁੱਟ ਕੇ ਲੈ ਗਏ। ਕੈਸ਼ ਵਿੱਚ ਸੀਮੈਂਟ ਦੀ ਪੇਮੈਂਟ ਦੇਣ ਲਈ ਰੱਖੀ 50 ਹਜ਼ਾਰ ਰੁਪਏ ਦੀ ਨਕਦੀ ਵੀ ਸ਼ਾਮਲ ਸੀ। ਪੁਲੀਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।