ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 18 ਜੁਲਾਈ
ਲੱਕੜਪੁਰ ਦੇ ਖੋਰੀ ਵਿਚਲੇ ਜੰਗਲਾਤ ਦੇ ਖੇਤਰ ਵਿੱਚ ਵਸੇ ਮਕਾਨਾਂ ਨੂੰ ਤੋੜਨ ਲਈ ਸਥਾਨਕ ਪ੍ਰਸ਼ਾਸਨ ਵੱਲੋਂ ਜੇਸੀਬੀ ਮਸ਼ੀਨਾਂ ਲਾ ਕੇ ਰੋਜ਼ਾਨਾ ਕਾਰਵਾਈ ਕੀਤੀ ਜਾ ਰਹੀ ਹੈ। ਇਸ ਭੰਨਤੋੜ ਦਾ ਵਿਰੋਧ ਵਿਦਿਆਰਥੀ ਜਥੇਬੰਦੀ ‘ਆਈਸਾ’ ਵੱਲੋਂ ਕੀਤਾ ਜਾ ਰਿਹਾ ਹੈ। ਆਈਸਾ ਨੇ ਮੰਗ ਕੀਤੀ ਕਿ ਉਜਾੜੇ ਜਾ ਰਹੇ ਗ਼ਰੀਬ ਲੋਕਾਂ ਨੂੰ 5 ਕਿਲੋਮੀਟਰ ਖੇਤਰ ਵਿੱਚ ਮੁੜ ਵਸਾਇਆ ਜਾਵੇ ਤੇ ਕਰੋਨਾ ਕਾਲ ਅਤੇ ਮੀਂਹ ਦੇ ਮੌਸਮ ਵਿੱਚ ਉਨ੍ਹਾਂ ਨੂੰ ਨਾ ਉਜਾੜਿਆ ਜਾਵੇ। ਵਿਦਿਆਰਥੀਆਂ ਨੇ ਕਿਹਾ ਕਿ ਗ਼ਰੀਬ ਲੋਕ ਉਮਰ ਭਰ ਦੀ ਕਮਾਈ ਨੂੰ ਅੱਖਾਂ ਸਾਹਮਣੇ ਜੇਸੀਬੀ ਦੇ ਪੰਜਿਆਂ ਹੇਠ ਫਨਾਹ ਹੁੰਦੇ ਦੇਖ ਕੇ ਬੇਹੋਸ਼ ਹੋ ਰਹੇ ਹਨ ਤੇ ਉਨ੍ਹਾਂ ਦੀ ਬੁਰੀ ਹਾਲਤ ਬਣ ਚੁੱਕੀ ਹੈ। ਉਧਰ ਪ੍ਰਸ਼ਾਸਨ ਵੱਲੋਂ ਅੱਜ ਵੀ ਸੂਰਜਕੁੰਡ ਰੋਡ ਉਪਰ ਨਾਕਾਬੰਦੀ ਜਾਰੀ ਰੱਖੀ ਗਈ ਤੇ ਕਈ ਥਾਣਿਆਂ ਦੀ ਪੁਲੀਸ ਅਰਧ ਸੈਨਿਕ ਬਲਾਂ ਨਾਲ ਤਾਇਨਾਤ ਰਹੀ। ‘ਆਈਸਾ’ ਵੱਲੋਂ ਪ੍ਰਧਾਨ ਮੰਤਰੀ ਦੇ ਨਾਅਰੇ ‘ਸਭ ਦਾ ਸਾਥ, ਸਭ ਦਾ ਵਿਕਾਸ’ ਨੂੰ ਯਾਦ ਕਰਵਾਉਂਦੇ ਹੋਏ ਕਿਹਾ ਗਿਆ ਕਿ ‘ਅੱਛੇ ਦਿਨ’ ਕਦੋਂ ਆਉਣਗੇ। ਵਿਦਿਆਰਥੀਆਂ ਨੇ ਦੱਸਿਆ ਕਿ ਦੋ ਮੰਦਰ ਤੇ ਇਕ ਮਸਜਿਦ ਵੀ ਤੋੜ ਦਿੱਤੀ ਗਈ ਹੈ। ਪੰਜਾਬੀ ਲੇਖਕ ਸੁਰਿੰਦਰ ਸਿੰਘ ਓਬਰਾਏ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੰਘ ਵੱਲੋਂ ਵੀ ਇਸ ਭੰਨਤੋੜ ਉਪਰ ਟਿੱਪਣੀ ਕੀਤੀ ਸੀ ਪਰ ਇਸ ਦੇ ਬਾਵਜੂਦ ਭੰਨਤੋੜ ਜਾਰੀ ਹੈ।