ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 23 ਨਵੰਬਰ
ਨਾਗਾਲੈਂਡ ਸਰਕਾਰ ਦੀ ਲਾਟਰੀ ਨੇ ਮੰਡੀ ਵਿੱਚ ਚੁੰਨੀਆਂ ਦੀ ਦੁਕਾਨ ਕਰਨ ਵਾਲੇ ਤਿੰਨ ਭਰਾਵਾਂ ਨੂੰ ਲੱਖਪਤੀ ਬਣਾ ਦਿੱਤਾ ਹੈ। ਕਾਲਾਂਵਾਲੀ ਦੀ ਟੈਲੀਫੋਨ ਐਕਸਚੇਂਜ ਕੋਲ ਚੁੰਨੀਆਂ ਦੀ ਦੁਕਾਨ ਕਰਨ ਵਾਲੇ ਤਿੰਨ ਭਰਾਵਾਂ ਬਲਬੀਰ ਸਿੰਘ, ਦਰਸ਼ਨ ਸਿੰਘ ਅਤੇ ਦੀਦਾਰ ਸਿੰਘ ਨੂੰ ਤੀਹ ਲੱਖ ਰੁਪਏ ਦੀ ਲਾਟਰੀ ਨਿਕਲਣ ਦੀ ਚਰਚਾ ਅੱਜ ਦਿਨ ਭਰ ਮੰਡੀ ਵਿੱਚ ਹੁੰਦੀ ਰਹੀ। ਉਥੇ ਹੀ ਤੀਹ ਲੱਖ ਰੁਪਏ ਦੇ ਜੇਤੂ ਬਲਬੀਰ ਸਿੰਘ, ਦਰਸ਼ਨ ਸਿੰਘ ਅਤੇ ਦੀਦਾਰ ਸਿੰਘ ਨੂੰ ਇਹ ਲਾਟਰੀ ਨਿਕਲਣ ਦੀ ਅਥਾਹ ਖੁਸ਼ੀ ਹੈ। ਤੀਹ ਲੱਖ ਰੁਪਏ ਦੇ ਜੇਤੂ ਦਰਸ਼ਨ ਸਿੰਘ ਨੇ ਦੱਸਿਆ ਕਿ ਡੱਬਵਾਲੀ ਵਿੱਚ ਲਾਟਰੀ ਵੇਚਣ ਵਾਲੇ ਮਦਨ ਲਾਲ ਤੋਂ ਨਾਗਾਲੈਂਡ ਸਰਕਾਰ ਦੀਆਂ ਸੌ-ਸੌ ਰੁਪਏ ਵਾਲੀਆਂ ਦੋ ਲਾਟਰੀਆਂ ਖਰੀਦੀਆਂ ਸਨ। ਉਨ੍ਹਾਂ ਦੱਸਿਆ ਕਿ ਮੰਗਲਵਾਰ ਸਵੇਰੇ ਉਨ੍ਹਾਂ ਨੂੰ ਲਾਟਰੀ ਵਾਲੇ ਮਦਨ ਲਾਲ ਦਾ ਫੋਨ ਆਇਆ ਕਿ ਤੁਹਾਡੀ ਤੀਹ ਲੱਖ ਰੁਪਏ ਦੀ ਲਾਟਰੀ ਨਿਕਲੀ ਹੈ, ਜਿਸ ਉੱਤੇ ਉਸ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਉਸ ਨੇ ਦੱਸਿਆ ਕਿ ਉਹ ਇਸ ਰਾਸ਼ੀ ਨਾਲ ਬੱਚੀਆਂ ਨੂੰ ਉੱਚ ਸਿੱਖਿਆ ਦਿਵਾਉਣਗੇ ਅਤੇ ਆਪਣੇ ਕਾਰੋਬਾਰ ਨੂੰ ਵਧਾਉਣਗੇ।