ਰਤਨ ਸਿੰਘ ਢਿੱਲੋਂ
ਅੰਬਾਲਾ, 14 ਅਗਸਤ
ਪਿੰਡ ਡਡਿਆਣਾ ਵਿੱਚ ਰੰਜਿਸ਼ਨ ਹੋਏ ਲਵਲੀ ਨਾਂ ਦੇ ਨੌਜਵਾਨ ਦੇ ਕਤਲ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਛੱਡੇ ਜਾਣ ਤੋਂ ਖ਼ਫ਼ਾ ਮ੍ਰਿਤਕ ਦੇ ਸਕੇ-ਸਬੰਧੀਆਂ ਨੇ ਸ਼ਨਿਚਰਵਾਰ ਨੂੰ ਦੇਰ ਰਾਤ ਮਾਨਵ ਚੌਕ ਅੰਬਾਲਾ ਸ਼ਹਿਰ ਵਿੱਚ ਡੇਢ ਘੰਟਾ ਜਾਮ ਲਾ ਕੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੁਲੀਸ ਦੀ ਕਾਰਵਾਈ ’ਤੇ ਸਵਾਲ ਉਠਾਏ। ਉਸ ਤੋਂ ਬਾਅਦ ਅੱਜ ਪੁਲੀਸ ਨੇ ਮੁਲਜ਼ਮਾਂ ਨੂੰ ਮੁੜ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ।
ਨਵਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਚਚੇਰੇ ਭਰਾ ਲਵਲੀ ਦੀ ਹੱਤਿਆ ਦੇ ਮਾਮਲੇ ਵਿੱਚ ਪੁਲੀਸ ਨੇ ਬਲਰਾਮ ਉਰਫ਼ ਚੁਚੀ, ਗੁਲਸ਼ਨ ਅਤੇ ਗੌਤਮ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਕਥਿਤ ਤੌਰ ’ਤੇ ਰਿਸ਼ਵਤ ਲੈ ਕੇ ਛੱਡ ਦਿੱਤਾ ਹੈ। ਜਾਮ ਲੱਗਣ ਦੀ ਸੂਚਨਾ ਮਿਲਣ ’ਤੇ ਡੀਐੱਸਪੀ ਜੋਗਿੰਦਰ ਸ਼ਰਮਾ ਅਤੇ ਐੱਚਐੱਚਓ ਭਾਰੀ ਪੁਲੀਸ ਬਲ ਲੈ ਕੇ ਮੌਕੇ ’ਤੇ ਪਹੁੰਚੇ ਅਤੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਤਿੰਨੋਂ ਮੁਲਜ਼ਮਾਂ ਨੂੰ ਮੁੜ ਗ੍ਰਿਫ਼ਤਾਰ ਕਰ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਪਰਿਵਾਰ ਵੱਲੋਂ ਪੁਲੀਸ ’ਤੇ ਲਾਏ ਗਏ ਰਿਸ਼ਵਤਖੋਰੀ ਦੇ ਦੋਸ਼ਾਂ ਦੀ ਵੀ ਜਾਂਚ ਹੋਵੇਗੀ। ਅਧਿਕਾਰੀਆਂ ਨੇ ਕਿਹਾ ਕਿ ਜੇ ਕਿਸੇ ਨੇ ਲਾਪ੍ਰਵਾਹੀ ਵਰਤੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਪਰੰਤ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਜਾਮ ਖੋਲ੍ਹ ਦਿੱਤਾ। ਅੱਜ ਸਵੇਰੇ ਐੱਸ.ਪੀ. ਅੰਬਾਲਾ ਜਸ਼ਨਦੀਪ ਸਿੰਘ ਰੰਧਾਵਾ ਦੇ ਨਿਰਦੇਸ਼ਾਂ ਅਨੁਸਾਰ ਬਣਾਈ ਗਈ ਸਾਂਝੀ ਟੀਮ ਨੇ ਲਵਲੀ ਕਤਲ ਕੇਸ ਦੇ ਮੁਲਜ਼ਮਾਂ ਰਾਮ ਨਾਥ, ਰਾਮ ਚੰਦਰ ਉਰਫ਼ ਸੋਨੂੰ ਅਤੇ ਰਾਮੇਸ਼ਵਰ ਵਾਸੀ ਡਡਿਆਣਾ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਅਤੇ ਅਦਾਲਤ ਦੇ ਹੁਕਮਾਂ ’ਤੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਇਸ ਮਾਮਲੇ ਵਿੱਚ ਸ਼ਾਮਲ ਤਿੰਨ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਪਿੰਡ ਡਡਿਆਣਾ ਵਿੱਚ ਤਿੰਨ ਭੈਣਾਂ ਦੇ ਇਕਲੌਤੇ ਭਰਾ ਤੇ 10ਵੀਂ ਜਮਾਤ ਦੇ ਵਿਦਿਆਰਥੀ ਲਵਲੀ ਦੀ ਛੇ-ਸੱਤ ਜਣਿਆਂ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ ਜਦਕਿ ਉਸ ਦੇ ਦੋਸਤ ਇਕਬਾਲ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਪੁਲੀਸ ਨੇ ਬਲਰਾਮ ਉਰਫ਼ ਚੁਚੀ, ਵਿਕਾਸ, ਗੁਲਸ਼ਨ, ਗੌਤਮ, ਸੋਨੂੰ, ਰਾਮ ਨਾਥ ਅਤੇ ਰਾਮੇਸ਼ਵਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।