ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 14 ਜੁਲਾਈ
ਮਾਤਾ ਰੁਕਮਣੀ ਰਾਇ ਆਰੀਆ ਸੀਨੀਅਰ ਸੈਕੰਡਰੀ ਸਕੂਲ ਖਰੀਂਡਵਾ ਵਿਚ ਵਾਤਾਵਰਣ ਚੇਤਨਾ ਨੂੰ ਵਧਾਉਣ ਲਈ ਪੇਪਰ ਬੈਗ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਪ੍ਰਤੀਯੋਗਤਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਕਲਾਤਮਕ ਸਮਰੱਥਾ ਦਾ ਪਤਾ ਲਾਉਣ ਲਈ ਤੇ ਪੇਪਰ ਬੈਗ ਦਾ ਜ਼ਿਆਦਾ ਤੋਂ ਜ਼ਿਆਦਾ ਪ੍ਰਯੋਗ ਕਰਨ ਲਈ ਪ੍ਰੇਰਿਤ ਕਰਨਾ ਸੀ।
ਸਕੂਲ ਦੀ ਪ੍ਰਿੰਸੀਪਲ ਬੀਬਨਦੀਪ ਕੌਰ ਨੇ ਕਿਹਾ ਕਿ ਇਸ ਪ੍ਰਤੀਯੋਗਤਾ ਵਿਚ ਵਿਦਿਆਰਥੀਆਂ ਵਿਚ ਉਤਸ਼ਾਹ ਦੇਖਣ ਨੂੰ ਮਿਲਿਆ। ਬੱਚਿਆਂ ਨੇ ਪੁਰਾਣੇ ਅਖਬਾਰਾਂ ਤੇ ਰੰਗ ਬਿਰੰਗੇ ਕਾਗਜ਼ਾਂ ਨਾਲ ਵੱਖ-ਵੱਖ ਤਰ੍ਹਾਂ ਦੇ ਬੈਗ ਬਣਾਏ, ਜਿਨ੍ਹਾਂ ਰਾਹੀਂ ਉਨ੍ਹਾਂ ਨੇ ਪਲਾਸਟਿਕ ਬੈਗ ਦੇ ਨਾਕਾਰਾਤਮਕ ਪ੍ਰਭਾਵਾਂ ਬਾਰੇ ਚਾਨਣਾ ਪਾਇਆ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਲਾਸਟਿਕ ਬੈਗ ਨਾਲ ਹਰ ਸਾਲ ਪ੍ਰਦੂਸ਼ਣ ਵਧ ਰਿਹਾ ਹੈ, ਜੋ ਵੱਖ-ਵੱਖ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ। ਇੰਨਾ ਹੀ ਨਹੀਂ ਪਲਾਸਟਿਕ ਬੈਗ ਦੇ ਨਸ਼ਟ ਹੋਣ ’ਤੇ ਸੈਂਕੜੇ ਸਾਲ ਲੱਗ ਜਾਂਦੇ ਹਨ। ਉਥੇ ਪੇਪਰ ਬੈਗ ਨੂੰ ਨਸ਼ਟ ਕਰਨਾ ਬੜਾ ਸੌਖਾ ਹੈ। ਪਲਾਸਟਿਕ ਬੈਗ ਦੀ ਥਾਂ ਅਸੀਂ ਪੇਪਰ ਬੈਗ ਵਰਤ ਕੇ ਇਸ ਦੇ ਹਾਨੀਕਾਰਕ ਪ੍ਰਭਾਵ ਨੂੰ ਘੱਟ ਕਰ ਸਕਦੇ ਹਾਂ। ਬਹੁਤ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਨਾਲ ਪਲਾਸਟਿਕ ਨੂੰ ਆਪਣੀ ਜੀਵਨ ਸ਼ੈਲੀ ਤੋਂ ਬਾਹਰ ਕਰ ਕੇ ਖੁਦ ਤੇ ਹੋਰਾਂ ਨੂੰ ਵੀ ਸੁਰਖਿੱਅਤ ਰੱਖ ਸਕਦੇ ਹਾਂ। ਇਸ ਮੌਕੇ ਸਾਰੇ ਸਕੂਲੀ ਵਿਦਿਆਰਥੀਆਂ ਤੇ ਸਟਾਫ ਨੇ ਪਲਾਸਟਿਕ ਮੁਕਤ ਭਾਰਤ ਬਣਾਉਣ ਦਾ ਸੰਕਲਪ ਲਿਆ।