ਫਰਿੰਦਰ ਗੁਲੀਆਣੀ
ਨਰਾਇਣਗੜ੍ਹ, 22 ਸਤੰਬਰ
ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੈ ਪ੍ਰਕਾਸ਼ ਦਲਾਲ ਨੇ ਕਿਹਾ ਕਿ ਮੱਕੀ ਉਤਪਾਦਕ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਕਿਸਾਨਾਂ ਨੂੰ ਆਪਣੀਆਂ ਫਸਲਾਂ ‘ਮੇਰੀ ਫਸਲ ਮੇਰਾ ਬਓਰਾ’ ਪੋਰਟਲ ’ਤੇ ਰਜਿਸਟਰ ਕਰਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਆਪਣੀ ਫਸਲ ਵੇਚਣ ਵਿੱਚ ਕੋਈ ਮੁਸ਼ਕਲ ਨਾ ਆਵੇ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਜੈ ਪ੍ਰਕਾਸ਼ ਦਲਾਲ ਅੱਜ ਸ਼ਹਿਜ਼ਾਦਪੁਰ ਵਿੱਚ ਮੱਕੀ ਦਿਵਸ ਮੌਕੇ ਕਰਵਾਏ ਸੂਬਾ ਪੱਧਰੀ ਮੱਕੀ ਦਿਵਸ ਪ੍ਰੋਗਰਾਮ ਵਿੱਚ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਖੇਤੀਬਾੜੀ ਕਮਿਸ਼ਨਰ ਭਾਰਤ ਸਰਕਾਰ ਡਾ. ਪੀ.ਕੇ.ਸਿੰਘ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੈ ਪ੍ਰਕਾਸ਼ ਦਲਾਲ ਨੇ ਇੱਕ ਕਿਸਾਨ ਵੱਲੋਂ ਮੱਕੇ ਤੋਂ ਤਿਆਰ ਕੀਤਾ ਕੇਕ ਕੱਟ ਕੇ ਅਤੇ ਕਿਸਾਨ ਨੂੰ ਕੇਕ ਖੁਆ ਕੇ ਕੀਤੀ। ਰਾਜ ਪੱਧਰੀ ਮੱਕੀ ਦਿਵਸ ਪ੍ਰੋਗਰਾਮ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਕਿਹਾ ਕਿ ਫਸਲੀ ਵਿਭਿੰਨਤਾ ਸਮੇਂ ਦੀ ਲੋੜ ਹੈ। ਹਰਿਆਣਾ ਇਕਲੌਤਾ ਰਾਜ ਹੈ ਜਿਸ ਨੇ ਕਿਸਾਨਾਂ ਨੂੰ ਝੋਨੇ ਤੋਂ ਵਿਭਿੰਨਤਾ ਅਤੇ ਪਾਣੀ ਦੀ ਸੰਭਾਲ ਲਈ ਉਤਸ਼ਾਹਿਤ ਕਰਨ ਲਈ ਦੋ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਦਲਾਲ ਨੇ ਕਿਹਾ ਕਿ ਰਾਜ ਦੇ ਸੋਨੀਪਤ, ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ ਅਤੇ ਕੈਥਲ ਦੇ ਖੇਤਰ ਵਿੱਚ ਮੱਕੀ ਦੀ ਫਸਲ 15000-20000 ਏਕੜ ਵਿੱਚ ਬੀਜੀ ਜਾਂਦੀ ਹੈ। ਸੂਬੇ ਵਿੱਚ ਮੱਕੀ, ਬਾਜਰਾ ਅਤੇ ਕਪਾਹ ਝੋਨੇ ਦੇ ਮੁਕਾਬਲੇ ਘੱਟ ਪਾਣੀ ਦੀ ਵਰਤੋਂ ਕਰਦੇ ਹਨ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼, ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਸੁਰਿੰਦਰ ਰਾਣਾ, ਕਿਸਾਨ ਮੋਰਚਾ ਜ਼ਿਲ੍ਹਾ ਪ੍ਰਧਾਨ ਅਨਿਲ ਰਾਣਾ, ਮੰਡਲ ਪ੍ਰਧਾਨ ਸੰਜੀਵ ਗੁਰਜਰ, ਸੀਐਮ ਵਿੰਡੋ ਦੇ ਉੱਘੇ ਵਿਅਕਤੀ ਧੀਰਜ ਦਨੌਰਾ, ਪੰਚਾਇਤ ਸਮਿਤੀ ਸ਼ਹਿਜ਼ਾਦਪੁਰ ਦੇ ਸਾਬਕਾ ਚੇਅਰਮੈਨ ਗੁਰਨਾਮ ਸਿੰਘ ਅਤੇ ਹੋਰ ਵਰਕਰ ਹਾਜ਼ਰ ਸਨ।