ਰਤਨ ਸਿੰਘ ਢਿੱਲੋਂ
ਅੰਬਾਲਾ, 2 ਨਵੰਬਰ
ਮੇਜਰ ਜਨਰਲ ਜਗਦੀਪ ਸਿੰਘ ਚੀਮਾ ਨੇ ਐੱਨਸੀਸੀ ਡਾਇਰੈਕਟੋਰੇਟ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਦੇ 13ਵੇਂ ਵਧੀਕ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲ ਲਿਆ ਹੈ। ਡਾਇਰੈਕਟੋਰੇਟ ਵੱਲੋਂ 56 ਜ਼ਿਲ੍ਹਿਆਂ ਦੇ 2000 ਕਾਲਜਾਂ ਅਤੇ ਸਕੂਲਾਂ ’ਚ 1.5 ਲੱਖ ਕੈਡੇਟਾਂ ਦੇ ਵਿਕਾਸ ਅਤੇ ਭਵਿੱਖ ਦੇ ਨੇਤਾ ਬਣਨ ਲਈ ਮਾਰਗ ਦਰਸ਼ਨ ’ਤੇ ਧਿਆਨ ਦਿੱਤਾ ਜਾਂਦਾ ਹੈ। ਮੇਜਰ ਜਨਰਲ ਚੀਮਾ ਇੰਡੀਅਨ ਮਿਲਟਰੀ ਅਕੈਡਮੀ, ਦੇਹਰਾਦੂਨ ਵਿੱਚ ਇੰਸਟ੍ਰੱਕਟਰ ਵੀ ਰਹਿ ਚੁੱਕੇ ਹਨ। ਉਨ੍ਹਾਂ ਪੰਜਾਬ ਯੂਨੀਵਰਸਿਟੀ ਤੋਂ ਦੋ ਐੱਮ.ਫਿਲ ਤੇ ‘ਭਾਰਤੀ ਹਥਿਆਰਬੰਦ ਸੈਨਾਵਾਂ ਦੀ ਸਾਂਝੀ ਯੁੱਧ ਸਮਰੱਥਾ ਦੇ ਗੰਭੀਰ ਮੁਲਾਂਕਣ’ ਅਤੇ ਖੋਜ ਲਈ ਪੀਐੱਚਡੀ ਕੀਤੀ। ਮੇਜਰ ਜਨਰਲ ਨੈਸ਼ਨਲ ਡਿਫੈਂਸ ਅਕੈਡਮੀ ਖੜਕਵਾਸਲਾ ਦੇ ਸਾਬਕਾ ਵਿਦਿਆਰਥੀ ਹਨ ਅਤੇ 1988 ’ਚ 223 ਮੀਡੀਅਮ ਰੈਜ਼ੀਮੈਂਟ ਵਿੱਚ ਸ਼ਾਮਲ ਹੋਏ ਸਨ। ਇਥੋਪੀਆ ਤੇ ਏਰੀਟ੍ਰਿਆ ’ਚ ਸੰਯੁਕਤ ਰਾਸ਼ਟਰ ਮਿਸ਼ਨ ਅਤੇ ਭਾਰਤ ਦੇ ਹਾਈ ਕਮਿਸ਼ਨ ਵਿੱਚ ਰੱਖਿਆ ਡਿਪਲੋਮੈਟ ਦੇ ਰੂਪ ਵਿੱਚ ਵੱਕਾਰੀ ਕਮਾਂਡ ਤੇ ਸਟਾਫ ਅਸਾਈਨਮੈਂਟਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਦੇ ਕਮਾਂਡ ਅਸਾਈਨਮੈਂਟ ’ਚ 223 ਮੀਡੀਅਮ ਰੈਜੀਮੈਂਟ ਦੀ ਕਮਾਂਡ, ਬਾਰਾਮੂਲਾ ਵਿੱਚ ਤੋਪਖ਼ਾਨਾ ਬ੍ਰਿਗੇਡ ਅਤੇ ਮਾਊਂਟੇਨ ਸਟ੍ਰਾਈਕ ਕੋਰ (ਪੱਛਮੀ) ਦੇ ਹਿੱਸੇ ਵਜੋਂ ਤੋਪਖ਼ਾਨੇ ਦੀ ਡਿਵੀਜ਼ਨ ਦੇ ਕਮਾਂਡਿੰਗ ਜਨਰਲ ਅਫਸਰ ਦੇ ਅਹੁਦੇ ਸ਼ਾਮਲ ਹਨ। ਸਟਾਫ ਅਸਾਈਨਮੈਂਟਾਂ ਵਿੱਚ ਆਰਮੀ ਹੈੱਡਕੁਆਰਟਰ ਵਿੱਚ ਜੀਐੱਸਓ 1, ਡਿਵੀਜ਼ਨਲ ਹੈੱਡਕੁਆਰਟਰ ਵਿੱਚ ਕਰਨਲ ਕਿਊ, ਕਰਨਲ ਏ, ਕੋਰ ਹੈੱਡਕੁਆਰਟਰ ਵਿੱਚ ਬ੍ਰਿਗੇਡੀਅਰ ਓਐੱਲ ਅਤੇ ਕਮਾਂਡ ਹੈੱਡਕੁਆਰਟਰ ਵਿੱਚ ਮੇਜਰ ਜਨਰਲ ਅਰਟਿਲਿਰੀ ਵੀ ਰਹੇ ਹਨ।