ਅੰਬਾਲਾ (ਨਿੱਜੀ ਪੱਤਰ ਪੇ੍ਰਕ): ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਅੱਜ ਟਵੀਟ ਕਰਕੇ ਦੱਸਿਆ ਕਿ ਮਾਲਟਾ ਦੀ ਇਕ ਫਾਰਮਾਸਿਊਟੀਕਲ ਕੰਪਨੀ ਫਾਰਮਾ ਰੈਗੂਲੇਟਰੀ ਸਰਵਸਿਸ ਲਿਮ. ਨੇ ਇਕ ਵਾਰ 30 ਮਿਲੀਅਨ ਅਤੇ ਦੂਜੀ ਵਾਰ 30 ਮਿਲੀਅਨ ਸਪੂਤਨਿਕ ਵੈਕਸੀਨ ਦੀਆਂ ਡੋਜ਼ਾਂ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਹੈ। ਹਰਿਆਣਾ ਸਰਕਾਰ ਇਸ ਪੇਸਕਸ਼ ਨੂੰ ਅੰਤਿਮ ਪ੍ਰਵਾਨਗੀ ਲਈ ਕੈਬਨਿਟ ਦੀ ਮੀਟਿੰਗ ਵਿਚ ਰੱਖੇਗੀ। ਉਨ੍ਹਾਂ ਕਿਹਾ ਕਿ ਜੇ ਕੈਬਨਿਟ ਸਪੂਤਨਿਕ ਵੈਕਸੀਨ ਖਰੀਦਣ ਦਾ ਫੈਸਲਾ ਕਰਦੀ ਹੈ ਤਾਂ ਇਸ ਦੀ ਇਕ ਡੋਜ਼ ਕਰੀਬ 1120 ਰੁਪਏ ਵਿਚ ਪਵੇਗੀ। ਅੰਦੋਲਨ ਦੌਰਾਨ ਕਿਸਾਨਾਂ ਦੀਆਂ ਹੋਈਆਂ ਗ੍ਰਿਫ਼ਤਾਰੀਆਂ ਬਾਰੇ ਪੁੱਛੇ ਜਾਣ ’ਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਹੁਣ ਉਹ (ਕਿਸਾਨ) ਕਹਿ ਰਹੇ ਹਨ ਕਿ ਜਿਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਉਨ੍ਹਾਂ ਨੂੰ ਛੱਡ ਦਿਉ। ਉਨ੍ਹਾਂ ਕਿਹਾ, ‘ਅਸੀਂ ਕਿਵੇਂ ਛੱਡ ਸਕਦੇ ਹਾਂ, ਛੱਡਣ ਦਾ ਕੰਮ ਤਾਂ ਅਦਾਲਤ ਕਰਦੀ ਹੈ, ਅਸੀਂ ਕਿਵੇਂ ਕਰ ਸਕਦੇ ਹਾਂ।ਅਦਾਲਤ ਵਿਚ ਉਹ ਆਪਣੀਆਂ ਅਰਜ਼ੀਆਂ ਲਾਉਣ, ਮਾਨਯੋਗ ਅਦਾਲਤ ਜੋ ਕਰੇਗੀ ਉਹ ਮੰਨਣਯੋਗ ਹੋਵਗਾ’। ਉਨ੍ਹਾਂ ਕਿਹਾ ਕਿ ਅਸੀਂ ਤਾਂ ਕਿਸਾਨਾਂ ਨੂੰ ਟੀਕੇ ਲਗਵਾਉਣ ਅਤੇ ਟੈਸਟਿੰਗ ਕਰਵਾਉਣ ਲਈ ਕਿਹਾ ਸੀ, ਉਹ ਕੋਈ ਗੱਲ ਨਹੀਂ ਮੰਨ ਰਹੇ, ਹਰ ਚੀਜ਼ ਦੀ ਉਲੰਘਣਾ ਕਰ ਰਹੇ ਹਨ, ਕਰੋਨਾ ਤਾਂ ਸਭ ਲਈ ਮਾਰੂ ਹੈ।