ਟੋਹਾਣਾ: ਇੱਥੋਂ ਦੇ ਪਿੰਡ ਬੋਸਤੀ ਦਾ ਫ਼ੌਜੀ ਮਨਦੀਪ ਸਿੰਘ ਜੰਮੂ ਕਸ਼ਮੀਰ ਦੇ ਉਧਮਪੁਰ ਸੈਕਟਰ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਬੀਤੀ ਸ਼ਾਮ ਨੂੰ ਪਰਿਵਾਰ ਨੂੰ ਮਨਦੀਪ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਸੀ। ਫ਼ੌਜੀਆਂ ਦੀ ਟੁਕੜੀ ਅੱਜ ਸਵੇਰੇ ਮਨਦੀਪ ਦੀ ਲਾਸ਼ ਲੈ ਕੇ ਥਾਣਾ ਸਦਰ ਟੋਹਾਣਾ ਪੁੱਜੀ। ਸ਼ਹੀਦ ਸੈਨਿਕ ਦੇ ਨਾਲ ਪੁੱਜੀ ਟੀਮ ਨੇ ਦੱਸਿਆ ਕਿ ਗਸ਼ਤ ਦੌਰਾਨ ਗੋਲੀਬਾਰੀ ਹੋਣ ’ਤੇ ਮਨਦੀਪ ਸਿੰਘ ਜ਼ਖ਼ਮੀ ਹੋ ਗਿਆ ਸੀ, ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਦਰ ਥਾਣਾ ਟੋਹਾਣਾ ਤੋਂ ਸ਼ਹੀਦ ਦੀ ਦੇਹ ਨੂੰ ਮੋਟਰਸਾਈਕਲ ਦੇ ਕਾਫ਼ਲੇ ਅਤੇ ਕੌਮੀ ਝੰਡਿਆਂ ਦੀ ਅਗਵਾਈ ਵਿੱਚ ਬੋਸਤੀ ਲਿਆਂਦਾ ਗਿਆ ਜਿੱਥੇ ਹਿਸਾਰ ਦੇ ਫਤਿਹਾਬਾਦ ਪੁਲੀਸ ਨੇ ਸਲਾਮੀ ਦਿੱਤੀ। ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਕੈਬਨਿਟ ਮੰਤਰੀ ਦੇ ਭਰਾ ਮਨੋਜ ਬਬਲੀ, ਸਾਬਕਾ ਵਿਧਾਇਕ ਸੁਭਾਸ਼ ਬਰਾਲਾ, ਹਰਿਆਣਾ ਰੋਡਵੇਜ਼ ਦੇ ਅਧਿਕਾਰੀ ਦਲ ਸਿੰਘ ਦਹੀਆ ਦੇ ਪੁੱਤਰ ਸੁਰੇਸ਼ ਦਹੀਆ, ਸਰਪੰਚ ਜਗਦੀਸ਼ ਰੰਗਾ, ਜ਼ਿਲ੍ਹਾ ਪਰਿਸ਼ਦ ਮੈਂਬਰ ਅਜੈ ਮਹਿਤਾ ਸਣੇ ਹਲਕੇ ਦੇ ਸੈਂਕੜੇ ਲੋਕ ਹਾਜ਼ਰ ਸਨ। -ਪੱਤਰ ਪ੍ਰੇਰਕ