ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ,16 ਮਾਰਚ
ਜ਼ਿਲ੍ਹਾ ਮੰਡੀਕਰਨ ਬੋਰਡ ਦੇ ਅਧਿਕਾਰੀ ਰਜੀਵ ਕੁਮਾਰ ਨੇ ਅਚਾਨਕ ਸ਼ਾਹਬਾਦ ਅਨਾਜ ਮੰਡੀ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਆੜ੍ਹਤੀਆਂ ਦੀਆਂ ਦੁਕਾਨਾਂ ’ਤੇ ਜਾ ਕੇ ਐੱਚ ਰਜਿਸਟਰ ਖੰਗਾਲੇ ਪਰ ਕਿਸੇ ਵੀ ਦੁਕਾਨਦਾਰ ਦੇ ਰਜਿਸਟਰ ਵਿਚ ਕੋਈ ਘਾਟ ਨਹੀਂ ਮਿਲੀ। ਇਸ ਦੇ ਬਾਵਜੂਦ ਜ਼ਿਲ੍ਹਾ ਮੰਡੀਕਰਨ ਬੋਰਡ ਦੇ ਅਧਿਕਾਰੀ ਨੇ ਮੰਡੀ ਵਿਚ ਪਈ ਤੋਰੀਏ ਦੀ ਬੋਲੀ ਆਪਣੇ ਸਾਹਮਣੇ ਕਰਵਾਈ। ਜ਼ਿਕਰਯੋਗ ਹੈ ਕਿ ਮੰਡੀ ਵਿਚ ਹੁਣ ਤਕ 50 ਹਜ਼ਾਰ ਕੁਇੰਟਲ ਤੋਰੀਏ ਦੀ ਫਸਲ ਦੀ ਆਮਦ ਹੋ ਚੁੱਕੀ ਹੈ। ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਸਵਰਣਜੀਤ ਸਿੰਘ ਬਿੱਟੂ ਕਾਲੜਾ ਨੇ ਮੰਡੀ ਵਿਚ ਆ ਰਹੀਆਂ ਸਮੱਸਿਆਵਾਂ ਤੋਂ ਉਨਾਂ ਨੂੰ ਜਾਣੂੰ ਕਰਵਾਇਆ । ਮੰਡੀ ਦੀਆਂ ਰੋਜ਼ਾਨਾ ਮੁਸ਼ਕਲਾਂ ਹੋਣ ਕਾਰਨ ਉਨ੍ਹਾਂ ਜਲਦੀ ਸਮੱਸਿਆਵਾਂ ਦਾ ਹੱਲ ਕਰਨ ਦੀ ਵੀ ਅਪੀਲ ਕੀਤੀ। ਸ੍ਰੀ ਕਾਲੜਾ ਦੀਆਂ ਮੰਗਾਂ ’ਤੇ ਉਨ੍ਹਾਂ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਕਿ ਮੰਡੀ ਵਿਚ ਸਫੇਦ ਐੱਲਈਡੀ ਲਾਈਟਾਂ ਪਾਸ ਹੋ ਗਈਆਂ ਹਨ ਤੇ ਇਸ ਦੇ ਟੈਂਡਰ ਵੀ ਲੱਗ ਚੁੱਕੇ ਹਨ। ਸੜਕਾਂ ਦੀ ਖਸਤਾ ਤੇ ਤਰਸਯੋਗ ਹਾਲਤ ਸਬੰਧੀ ਉਨ੍ਹਾਂ ਕਿਹਾ ਕਿ ਛੇਤੀ ਹੀ ਸੜਕਾਂ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਹੋਰ ਸਮੱਸਿਆਵਾਂ ਦਾ ਵੀ ਛੇਤੀ ਨਿਪਟਾਰਾ ਹੋ ਜਾਵੇਗਾ। ਇਸ ਮੌਕੇ ਯਸ਼ਪਾਲ ਅਗਰਵਾਲ, ਕਾਲੂ ਰਾਮ ਗਰਗ, ਗੌਰਵ ਸੇਠੀ, ਅਮਨ ਸਚਦੇਵਾ, ਤਿਰਲੋਕ ਚੰਦ, ਮੰਡੀ ਰੀਡਰ ਸੁਨੀਲ ਕੁਮਾਰ ਆਦਿ ਤੋਂ ਇਲਾਵਾ ਕਈ ਆੜ੍ਹਤੀ ਮੌਜੂਦ ਸਨ।