ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 9 ਅਕਤੂਬਰ
ਮਿੱਠਾਪੁਰ ਵਿੱਚ ਵਿਆਹੁਤਾ ਨੇ ਸਹੁਰਿਆਂ ਦੀ ਦਾਜ ਦੀ ਮੰਗ ਤੋਂ ਤੰਗ ਆ ਕੇ ਫਾਹਾ ਲੈ ਲਿਆ। ਸਾਹਾ ਪੁਲੀਸ ਨੇ ਮ੍ਰਿਤਕਾ ਪੂਜਾ ਦੀ ਮਾਤਾ ਰੇਖਾ ਬਾਵਾ ਨਿਵਾਸੀ ਅਮਰਪੁਰੀ ਜਗਾਧਰੀ ਦੀ ਸ਼ਿਕਾਇਤ ’ਤੇ ਪਤੀ ਸ਼ੁਭਮ, ਨਨਾਣ ਤਨੂ, ਨਣਦੋਈਆ ਪੁਨੀਤ ਅਤੇ ਸਹੁਰਾ ਰਾਜ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰੇਖਾ ਬਾਵਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਪੂਜਾ ਦਾ ਵਿਆਹ ਅਪਰੈਲ 2020 ਵਿੱਚ ਮਿੱਠਾਪੁਰ ਦੇ ਸ਼ੁਭਮ ਪੁੱਤਰ ਰਾਜ ਕੁਮਾਰ ਨਾਲ ਕੀਤਾ ਸੀ। ਸਹੁਰਾ ਪਰਿਵਾਰ ਸ਼ੁਰੂ ਤੋਂ ਹੀ ਪੈਸਿਆਂ ਦੀ ਮੰਗ ਕਰ ਕੇ ਪੂਜਾ ਨੂੰ ਤੰਗ ਕਰਦਾ ਆ ਰਿਹਾ ਸੀ। ਸ਼ੁਭਮ ਕਈ ਵਾਰ ਉਸ ਨੂੰ ਪੇਕੇ ਛੱਡ ਗਿਆ ਸੀ। ਉਹ ਬੇਟੀ ਨੂੰ ਸਮਝਾ ਕੇ ਅਤੇ ਰਕਮ ਦੇ ਕੇ ਸਹੁਰੇ ਭੇਜ ਦਿੰਦੇ ਸਨ। ਕੱਲ੍ਹ ਸਵੇਰੇ ਪੂਜਾ ਦਾ ਫ਼ੋਨ ਆਇਆ ਕਿ ਸਹੁਰਾ ਪਰਿਵਾਰ 50 ਹਜ਼ਾਰ ਰੁਪਏ ਲਿਆਉਣ ਲਈ ਕਹਿ ਰਿਹਾ ਹੈ। ਉਸ ਦੀ ਨਨਾਣ ਤਨੂ ਅਤੇ ਨਣਦੋਈਆ ਪੁਨੀਤ ਵੀ ਉਨ੍ਹਾਂ ਦੇ ਘਰ ਆਏ ਬੈਠੇ ਹਨ ਅਤੇ ਪੈਸਿਆਂ ਪਿੱਛੇ ਉਸ ਨਾਲ ਬੁਰਾ ਸਲੂਕ ਕਰ ਰਹੇ ਹਨ। ਇਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਦੱਸਿਆ ਕਿ ਪੂਜਾ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਉਸ ਨੇ ਮਿੱਠਾਪੁਰ ਜਾ ਕੇ ਦੇਖਿਆ ਕਿ ਪੂਜਾ ਦੀ ਲਾਸ਼ ਜ਼ਮੀਨ ’ਤੇ ਪਈ ਸੀ। ਰੇਖਾ ਬਾਵਾ ਦਾ ਕਹਿਣਾ ਹੈ ਕਿ ਜਵਾਈ ਸ਼ੁਭਮ, ਨਣਦ ਤਨੂ, ਨਣਦੋਈਆ ਪੁਨੀਤ ਅਤੇ ਸਹੁਰਾ ਰਾਜ ਕੁਮਾਰ ਉਸ ਦੀ ਬੇਟੀ ਦੀ ਕੁੱਟ-ਮਾਰ ਕਰਦੇ ਸਨ। ਇਸ ਤੋਂ ਤੰਗ ਆ ਕੇ ਪੂਜਾ ਨੇ ਪੱਖੇ ਨਾਲ ਚੁੰਨੀ ਦਾ ਫਾਹਾ ਬਣਾ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਚਾਰਾਂ ਮੁਲਜ਼ਮਾਂ ਖ਼ਿਲਾਫ਼ ਧਾਰਾ 304-ਬੀ, 34 ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਹੈ।