ਰਤਨ ਸਿੰਘ ਢਿੱਲੋਂ
ਅੰਬਾਲਾ, 18 ਸਤੰਬਰ
ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਮੀਡੀਆ ਸ਼ੀਸ਼ਾ ਹੈ, ਉਸ ਨੂੰ ਉਹੀ ਦਿਖਾਉਣਾ ਅਤੇ ਛਾਪਣਾ ਚਾਹੀਦਾ ਹੈ ਜੋ ਅਸਲੀਅਤ ਵਿੱਚ ਹੈ। ਲੋਕਤੰਤਰ ਨੂੰ ਜਿਓਂਦਾ ਰੱਖਣਾ ਇਸ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਅਤੇ ਮੀਡੀਆ ਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਸ੍ਰੀ ਵਿੱਜ ਅੱਜ ਮੀਡੀਆ ਵੈਲਬੀਅੰਗ ਐਸੋਸੀਏਸ਼ਨ ਹਰਿਆਣਾ ਵੱਲੋਂ ਸ਼ਹਿਰ ਵਿੱਚ ਕਰਵਾਏ ਰਾਜ ਪੱਧਰੀ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਆਪਣੇ ਅਖ਼ਤਿਆਰੀ ਫ਼ੰਡ ਵਿੱਚੋਂ ਐਸੋਸੀਏਸ਼ਨ ਨੂੰ 20 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ ਅਤੇ ਐਸੋਸੀਏਸ਼ਨ ਵੱਲੋਂ ਪਹਿਲੀ ਸੂਚੀ ਦੇ ਤਹਿਤ 46 ਪੱਤਰਕਾਰਾਂ ਨੂੰ 10 ਲੱਖ ਰੁਪਏ ਦੀ ਦੁਰਘਟਨਾ ਬੀਮਾ ਪਾਲਿਸੀ ਵੀ ਵੰਡੀ।
ਸ੍ਰੀ ਵਿੱਜ ਨੇ ਕਿਹਾ ਕਿ ਲੋਕਤੰਤਰ ਮੀਡੀਆ ਸਮੇਤ ਚਾਰ ਥੰਮ੍ਹਾਂ ’ਤੇ ਟਿਕਿਆ ਹੋਇਆ ਹੈ। ਗ੍ਰਹਿ ਮੰਤਰੀ ਨੇ ਐਸੋਸੀਏਸ਼ਨ ਵੱਲੋਂ ਦਿੱਤੇ ਗਏ ਮੰਗ ਪੱਤਰ ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਅਤੇ ਦੱਸਿਆ ਕਿ ਪੱਤਰਕਾਰਾਂ ਨੂੰ ਸਰਕਾਰੀ ਕਰਮਚਾਰੀਆਂ ਵਾਂਗ ਮੈਡੀਕਲ ਸਹੂਲਤ ਦੇਣ ਦੀ ਗੱਲ ਉਨ੍ਹਾਂ ਦੇ ਏਜੰਡੇ ਤੇ ਪਹਿਲਾਂ ਤੋਂ ਹੀ ਹੈ। ਇਸ ਮੌਕੇ ਦੈਨਿਕ ਟ੍ਰਿਬਿਊਨ ਦੇ ਸੰਪਾਦਕ ਨਰੇਸ਼ ਕੌਸ਼ਲ ਦਾ ਸਨਮਾਨ ਕੀਤਾ ਗਿਆ।