ਪੱਤਰ ਪ੍ਰੇਰਕ
ਰਤੀਆ, 20 ਅਗਸਤ
ਅੰਗਹੀਣ ਅਧਿਕਾਰ ਮੰਚ ਹਰਿਆਣਾ ਦੀ ਜ਼ਿਲ੍ਹਾ ਫਤਿਆਬਾਦ ਕਮੇਟੀ ਵਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਜਾਂਡਲੀ ਦੀ ਪ੍ਰਧਾਨਗੀ ਹੇਠ ਸਤੀ ਮੰਦਰ ਰਤੀਆ ਵਿੱਚ ਕੀਤੀ ਗਈ। ਮੀਟਿੰਗ ਦਾ ਸੰਚਾਲਨ ਜ਼ਿਲ੍ਹਾ ਸਕੱਤਰ ਸੁਰਿੰਦਰ ਕੁਮਾਰ ਰਤੀਆ ਨੇ ਕੀਤਾ। ਇਸ ਮੀਟਿੰਗ ਵਿਚ ਮੰਚ ਦੇ ਸੂਬਾ ਜਨਰਲ ਸਕੱਤਰ ਰਿਸ਼ੀਕੇਸ਼ ਰਾਜਲੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਦੌਰਾਨ ਫਤਿਆਬਾਦ ਜ਼ਿਲ੍ਹਾ ਦੇ ਪਿੰਡ ਭੂਨਾ, ਫੁਲਾਂ, ਲਾਲੀ, ਚਿੱਮੋ, ਬੁਰਜ, ਚੰਦੋ ਕਲਾਂ, ਢਾਂਡ ਅਤੇ ਰਤੀਆ ਸ਼ਹਿਰ ਤੋਂ ਮੰਚ ਦੇ ਅਨੇਕਾਂ ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਦਾ ਮੁੱਖ ਉਦੇਸ਼ ਸਿਵਲ ਹਸਪਤਾਲ ਫਤਿਆਬਾਦ ਵਿਚ ਚੱਲ ਰਹੇ ਧਰਨੇ ਪ੍ਰਦਰਸ਼ਨ ਦੀ ਸਮੀਖਿਆ ਕਰਨਾ ਅਤੇ ਧਰਨੇ ਨੂੰ ਹੋਰ ਮਜ਼ਬੂਤ ਕਰਨਾ ਸੀ। ਸੂਬਾ ਜਨਰਲ ਸਕੱਤਰ ਰਿਸ਼ੀਕੇਸ਼ ਰਾਜਲੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਗਹੀਣਾਂ ਦੀਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਅੰਗਹੀਣ ਅਧਿਕਾਰ ਮੰਚ ਹਰਿਆਣਾ ਦੀ ਸੂਬਾ ਕਮੇਟੀ ਵਲੋਂ ਪੂਰੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਦੇ ਸਿਵਲ ਹਸਪਤਾਲਾਂ ਵਿਚ ਅੰਗਹੀਣਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਅਤੇ ਫਤਿਆਬਾਦ ਸਿਵਲ ਹਸਪਤਾਲ ਵਿਚ ਵੀ 27 ਜੁਲਾਈ ਤੋਂ ਅਣਮਿਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਹੋਇਆ ਹੈ। ਇਸ ਦੌਰਾਨ ਉਨ੍ਹਾਂ ਫ਼ੈਸਲਾ ਲਿਆ ਕਿ ਜਦੋਂ ਤੱਕ ਅੰਗਹੀਣਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਇਹ ਧਰਨਾ ਪ੍ਰਦਰਸ਼ਨ ਹਰ ਬੁੱਧਵਾਰ ਨੂੰ ਜਾਰੀ ਰਹੇਗੀ। ਮੀਟਿੰਗ ਵਿਚ ਰਤੀਆ ਬਲਾਕ ਸਕੱਤਰ ਪਪਲ ਕੁਮਾਰ, ਬਲਾਕ ਮੀਤ ਪ੍ਰਧਾਨ ਅਮਰੀਕ ਸਿੰਘ, ਸੁਭਾਸ਼ ਚੰਦ, ਅਨਿਲ ਕੁਮਾਰ, ਮੰਗਤ ਰਾਮ, ਰਾਜੇਸ਼ ਕੁਮਾਰ, ਨਾਜਮ ਸਿੰਘ, ਸੋਨੂੰ ਲਾਲੀ, ਉਦੈਵੀਰ, ਬਿੰਦਰ ਸਿੰਘ, ਨੀਰਜ ਕੁਮਾਰ, ਤਰਸੇਮ ਲਾਲ, ਨੰਦ ਸਿੰਘ, ਮੰਗਾ ਸਿੰਘ ਆਦਿ ਮੰਚ ਦੇ ਮੈਂਬਰ ਹਾਜ਼ਰ ਸਨ।