ਪੱਤਰ ਪ੍ਰੇਰਕ
ਰਤੀਆ, 17 ਅਕਤੂਬਰ
ਮਾਰਕੀਟ ਕਮੇਟੀ ਦਫ਼ਤਰ ਵਿਚ ਅੱਜ ਰਤੀਆ ਅਨਾਜ ਮੰਡੀ ਦੇ ਵਪਾਰੀਆਂ ਅਤੇ ਰਾਈਸ ਮਿੱਲਰਜ਼ ਦੀ ਮੀਟਿੰਗ ਹੋਈ। ਇਸ ਵਿਚ ਮਾਰਕੀਟ ਕਮੇਟੀ ਦੇ ਸਕੱਤਰ ਮੇਜਰ ਸਿੰਘ ਨੇ ਵਪਾਰੀਆਂ ਅਤੇ ਰਾਈਸ ਮਿੱਲਰ ਨੂੰ ਸਰਕਾਰ ਤੋਂ ਪ੍ਰਾਪਤ ਦਿਸ਼ਾ-ਨਿਰਦੇਸ਼ ਦੱਸੇ। ਮੀਟਿੰਗ ਵਿੱਚ ਨਿਊ ਗਰੇਨ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਰਾਜੂ ਲਾਲੀ, ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੀਪ ਗਰੇਵਾਲ, ਉਪ ਪ੍ਰਧਾਨ ਸੰਜੂ ਜਿੰਦਲ, ਜਨਰਲ ਸਕੱਤਰ ਰਾਜ ਕੁਮਾਰ ਸਿੰਗਲਾ, ਗਗਨ ਜਿੰਦਲ, ਟੋਨੀ ਖੰਨਾ, ਵਿਪਨ ਗੋਇਲ, ਹਰੀਸ਼ ਮਿੱਤਲ ਅਤੇ ਹੋਰ ਵਪਾਰੀ ਵੀ ਹਾਜ਼ਰ ਸਨ।
ਇਸ ਮੀਟਿੰਗ ਵਿੱਚ ਮਾਰਕੀਟ ਕਮੇਟੀ ਦੇ ਸਕੱਤਰ ਮੇਜਰ ਸਿੰਘ ਨੇ ਵਪਾਰੀਆਂ ਅਤੇ ਰਾਈਸ ਮਿੱਲਰਜ਼ ਨੂੰ ਨਿਰਦੇਸ਼ ਦਿੱਤਾ ਕਿ ਝੋਨੇ ਦੀ ਖ਼ਰੀਦ ਵਿਚ ਹਰਿਆਣਾ ਸਰਕਾਰ ਵੱਲੋਂ ਹੁਕਮਾਂ ਦਾ ਪਾਲਣ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੋਈ ਵੀ ਰਾਈਸ ਮਿੱਲਰ ਸਰਕਾਰ ਦੇ ਨਿਰਦੇਸ਼ਾਂ ਦੀ ਉਲੰਘਣਾ ਕਰ ਕੇ ਝੋਨੇ ਦੀ ਸਿੱਧੀ ਖ਼ਰੀਦ ਨਾ ਕਰਨ। ਝੋਨੇ ਨੂੰ ਅਨਾਜ ਮੰਡੀ ਵਿਚ ਖ਼ਰੀਦ ਮਗਰੋਂ ਹੀ ਰਾਈਸ ਮਿੱਲ ਵਿੱਚ ਉਤਾਰਿਆ ਜਾਵੇ।
ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਰਾਜੂ ਲਾਲੀ, ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੀਪ ਗਰੇਵਾਲ ਅਤੇ ਉਪ ਪ੍ਰਧਾਨ ਸੰਜੂ ਜਿੰਦਲ ਨੇ ਸਕੱਤਰ ਨੂੰ ਦੱਸਿਆ ਕਿ ਵਪਾਰੀਆਂ ਅਤੇ ਰਾਈਸ ਮਿਲਰਜ਼ ਵਲੋਂ ਸਰਕਾਰ ਦੇ ਆਦੇਸ਼ਾਂ ਦਾ ਪੂਰਨ ਰੂਪ ਵਿਚ ਪਾਲਣ ਕੀਤਾ ਜਾਵੇਗਾ। ਉਨ੍ਹਾਂ ਮਾਰਕੀਟ ਕਮੇਟੀ ਸਕੱਤਰ ਅੱਗੇ ਸਮੱਸਿਆਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੰਡੀ ਦੇ ਗੇਟ ’ਤੇ ਪਾਸ ਦੌਰਾਨ ਕਿਸਾਨ ਦੀਆਂ ਟਰਾਲੀਆਂ ਕਾਰਨ ਜਾਮ ਲੱਗ ਜਾਂਦਾ ਹੈ। ਇਸ ਲਈ ਗੇਟ ਪਾਸ ਲਈ ਵਾਧੂ ਕਰਮਚਾਰੀਆਂ ਦੀ ਵਿਵਸਥਾ ਕੀਤੀ ਜਾਵੇ। ਇਸ ’ਤੇ ਮਾਰਕੀਟ ਕਮੇਟੀ ਸਕੱਤਰ ਨੇ ਉਨ੍ਹਾਂ ਨੂੰ ਉੱਚਿਤ ਵਿਵਸਥਾ ਦਾ ਭਰੋਸਾ ਦਿੱਤਾ।