ਮਹਾਂਵੀਰ ਮਿੱਤਲ
ਜੀਂਦ, 15 ਸਤੰਬਰ
ਇੱਥੇ ਸ਼ਹਿਰ ਦੇ ਰੋਹਤਕ ਰੋਡ ਅਤੇ ਮਿਨੀ ਬਾਈਪਾਸ ਰੋਡ ਉੱਤੇ ਬਣਾਈ ਗਈਆਂ ਸੜਕਾਂ ਦੇ ਧੱਸ ਜਾਣ ਦਾ ਮਾਮਲਾ ਭਖ ਗਿਆ ਹੈ। ਇਸ ਦੀ ਜਾਂਚ ਨੂੰ ਲੈ ਕੇ ਅੱਜ ਅਧਿਕਾਰੀ ਸਾਰਾ ਦਿਨ ਲੱਗੇ ਰਹੇ ਪਰ ਮਾਮਲਾ ਸੰਵੇਦਨਸ਼ੀਲ ਹੋਣ ਕਾਰਨ ਅਧਿਕਾਰੀ ਇਸ ਦੀ ਰਿਪੋਰਟ ਤਿਆਰ ਨਹੀਂ ਕਰ ਸਕੇ। ਛੇਤੀ ਹੀ ਇਹ ਰਿਪੋਰਟ ਡੀਸੀ ਨੂੰ ਸੌਂਪ ਦਿੱਤੀ ਜਾਵੇਗੀ। ਇਹ ਜਾਂਚ ਡੀਸੀ ਨਰੇਸ਼ ਕੁਮਾਰ ਦੇ ਹੁਕਮਾਂ ਅਨੁਸਾਰ ਏਡੀਸੀ ਸਾਹਿਲ ਗੁਪਤਾ ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ। ਇਸ ਜਾਂਚ ਕਮੇਟੀ ਨੇ ਇਨ੍ਹਾਂ ਸੜ੍ਹਕਾਂ ਨਾਲ ਸਬੰਧਤ ਤਿੰਨੇ ਵਿਭਾਗਾਂ-ਲੋਕ ਨਿਰਮਾਣ ਵਿਭਾਗ, ਜਨ ਸਿਹਤ ਵਿਭਾਗ ਅਤੇ ਨਗਰ ਪਰਿਸ਼ਦ ਦੇ ਅਧਿਕਾਰੀਆਂ ਤੋਂ ਜਾਣਕਾਰੀ ਲੈਣ ਦੇ ਨਾਲ-ਨਾਲ ਆਮ ਲੋਕਾਂ ਤੋਂ ਵੀ ਜਾਣਕਾਰੀ ਹਾਸਲ ਕੀਤੀ। ਇਨ੍ਹਾਂ ਵਿਭਾਗਾਂ ਦਾ ਸਾਰਾ ਰਿਕਾਰਡ ਵੀ ਜਾਂਚ ਕਮੇਟੀ ਨੇ ਆਪਣੇ ਕੋਲ ਰੱਖ ਲਿਆ ਹੈ। ਇਸ ਤੋਂ ਪਹਿਲਾਂ ਐੱਨਆਈਟੀ ਕੁਰੂਕਸ਼ੇਤਰ ਵੱਲੋਂ ਕੀਤੀ ਗਈ ਜਾਂਚ ਦੀ ਰਿਪੋਰਟ ਵੀ ਇਸ ਕਮੇਟੀ ਕੋਲ ਪਹੁੰਚ ਚੁੱਕੀ ਹੈ। ਜਾਂਚ ਅਧਿਕਾਰੀ ਟੀਮ ਦੇ ਮੁਖੀ ਏਡੀਸੀ ਸਾਹਿਲ ਗੁਪਤਾ ਨੇ ਦੱਸਿਆ ਕਿ ਇਸ ਸਬੰਧੀ ਤਿੰਨੇ ਵਿਭਾਗਾਂ ਦੀ ਕਾਰਗੁਜ਼ਾਰੀ ਨੂੰ ਤੱਥਾਂ ਸਮੇਤ ਉਜਾਗਰ ਕੀਤਾ ਜਾਵੇਗਾ,ਕਿਉਂਕਿ ਕੋਈ ਵੀ ਵਿਭਾਗ ਆਪਣੇ ਉਪਰ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਹੈ। ਜਾਂਚ ਦੌਰਾਨ ਸਾਰੇ ਪਹਿਲੂ ਦੇਖੇ ਜਾਣਗੇ।