ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 21 ਮਾਰਚ
ਸ਼ਰਾਰਤੀ ਤੱਤਾਂ ਵੱਲੋਂ ਅੰਬਾਲਾ ਸ਼ਹਿਰ ਦੇ ਸੈਕਟਰ 9-10 ਦੇ ਸ਼ਹੀਦ ਊਧਮ ਸਿੰਘ ਚੌਕ ਵਿੱਚ ਲੱਗਿਆ ਸ਼ਹੀਦ ਦਾ ਬੁੱਤ ਖੰਡਿਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬੁੱਤ ਦੀ ਸੱਜੀ ਬਾਂਹ ਤੋੜ ਦਿੱਤੀ ਗਈ ਹੈ। ਥਾਣਾ ਸੈਕਟਰ-9 ਦੇ ਐੱਸਐੱਚਓ ਨੇ ਦੱਸਿਆ ਕਿ ਉਨ੍ਹਾਂ ਦੇ ਏਜੰਟ ਨੇ ਖ਼ਬਰ ਦਿੱਤੀ ਸੀ ਕਿ ਕਿਸੇ ਸ਼ਰਾਰਤੀ ਤੱਤ ਨੇ ਸੈਕਟਰ-10 ਦੇ ਚੌਕ ਵਿੱਚ ਲੱਗੇ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਇਨਕੋ ਵੱਲ ਜਾਂਦੀ ਸੜਕ ਵਾਲੇ ਪਾਸੇ ਦੀ ਬਾਂਹ ਤੋੜ ਦਿੱਤੀ ਹੈ। ਸੂਚਨਾ ਤੋਂ ਬਾਅਦ ਉਹ ਮੌਕੇ ’ਤੇ ਪਹੁੰਚੇ ਅਤੇ ਧਾਰਾ 295 ਏ ਤੇ 427 ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਉੱਥੇ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗਾ ਹੋਇਆ ਤੇ ਪੁਲੀਸ ਨੇ ਬੁੱਤ ਨੂੰ ਪੌਲੀਥੀਨ ਲਪੇਟ ਕੇ ਢਕ ਦਿੱਤਾ ਹੈ। ਸ਼ਹੀਦ ਊਧਮ ਸਿੰਘ ਦਾ ਬੁੱਤ ਖੰਡਿਤ ਕੀਤੇ ਜਾਣ ਦੇ ਵਿਰੋਧ ’ਚ ਅਤੇ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ, ਸਨਾਤਨ ਟਾਸਕ ਫੋਰਸ ਅਤੇ ਸ਼ਹੀਦ ਭਗਤ ਸਿੰਘ ਸਮਿਤੀ ਵੱਲੋਂ ਹੁੱਡਾ ਮੈਦਾਨ ਕੋਲ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ।