ਪੱਤਰ ਪ੍ਰੇਰਕ
ਰਤੀਆ, 31 ਜੁਲਾਈ
ਵਿਧਾਇਕ ਲਛਮਣ ਨਾਪਾ ਵਲੋਂ ਰਤੀਆ ਸ਼ਹਿਰ ਵਿਚ ਸੀਵਰੇਜ ਵਿਵਸਥਾ ਨੂੰ ਠੀਕ ਕਰਨ ਦੀਆਂ ਕੋਸ਼ਿਸ਼ਾਂ ਰੰਗ ਲਿਆ ਰਹੀਆਂ ਹਨ। ਰਤੀਆ ਦੇ ਕਮਿਊਨਿਟੀ ਕੇਂਦਰ ਵਿਚ ਵਿਧਾਇਕ ਲਛਮਣ ਨਾਪਾ ਨੇ ਹਾਈਡ੍ਰੋਲਿਕ ਜੇਟਿੰਗ ਮਸ਼ੀਨ ਨੂੰ ਝੰਡੀ ਦਿਖਾ ਕੇ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ। ਇਸ ਮਸ਼ੀਨ ਦੀ ਕੀਮਤ 41 ਲੱਖ 90 ਹਜ਼ਾਰ ਰੁਪਏ ਹੈ। ਵਰਨਣਯੋਗ ਹੈ ਕਿ ਰਤੀਆ ਦੇ ਸੀਵਰੇਜ ਸਿਸਟਮ ਨੂੰ ਠੀਕ ਕਰਨ ਲਈ ਸ਼ਹਿਰ ਵਾਸੀਆਂ ਦੀ ਸਾਲਾਂ ਪੁਰਾਣੀ ਮੰਗ ਪੂਰੀ ਹੋਣ ਨਾਲ ਸੀਵਰੇਜ ਸਿਸਟਮ ਨੂੰ ਲੈ ਕੇ ਜ਼ਿਆਦਾ ਮੁਸ਼ਕਲਾਂ ਨਾਲ ਜੂਝਣਾ ਪੈਂਦਾ ਸੀ ਅਤੇ ਬਾਰਿਸ਼ ਵਿਚ ਸੀਵਰੇਜ ਸਿਸਟਮ ਓਵਰਫਲੋਅ ਹੋਣ ਕਾਰਨ ਕੂੜਾ ਕਰਕਟ ਇਕੱਠਾ ਹੋ ਜਾਂਦਾ ਸੀ। ਇਸ ਦੌਰਾਨ ਵਿਭਾਗ ਨਾਲ ਸਬੰਧਤ ਕਰਮਚਾਰੀਆਂ ਨੂੰ ਵੀ ਕਾਫ਼ੀ ਪ੍ਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਸਨ ਪਰ ਹੁਣ ਇਸ ਮਸ਼ੀਨ ਦੇ ਆਉਣ ਨਾਲ ਕਰਮਚਾਰੀਆਂ ਨੂੰ ਸੀਵਰੇਜ ਵਿਚ ਅੰਦਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ।