ਕੇ.ਕੇ ਬੰਸਲ
ਰਤੀਆ, 8 ਜੁਲਾਈ
ਰਤੀਆ ਵਿਧਾਨ ਸਭਾ ਹਲਕੇ ਵਿੱਚ ਸਰਬਪੱਖੀ ਵਿਕਾਸ ਕਰਵਾਉਂਦੇ ਹੋਏ ਜਨਤਾ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਥੋਂ ਦੇ ਵਿਧਾਇਕ ਐਡਵੋਕੇਟ ਲਛਮਣ ਨਾਪਾ ਨੇ ਹਿਸਾਰ ਰੋਡ ਸਥਿਤ ਪੀ.ਡਬਲਯੂ.ਡੀ ਦੇ ਰੈਸਟ ਹਾਊਸ ਵਿੱਚ ਕਾਰਵਾਏ ਖੁੱਲ੍ਹੇ ਦਰਬਾਰ ਦੌਰਾਨ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਨੇ ਜਨਤਾ ਦੇ ਵਿਕਾਸ ਲਈ ਅਨੇਕਾਂ ਕਲਿਆਣਕਾਰੀ ਯੋਜਨਾਵਾਂ ਚਲਾਈਆਂ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਵੀ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ, ਜਿਸ ਦਾ ਲਾਭ ਉਹ ਲੋਕਾਂ ਨੂੰ ਮੁਹੱਈਆ ਕਰਵਾਉਣਗੇ। ਇਸ ਦੌਰਾਨ ਵਿਧਾਇਕ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਕਲਿਆਣਕਾਰੀ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ’ਤੇ ਜ਼ੋਰ ਦੇਣ।
ਇਸ ਮੌਕੇ ਖੁੱਲ੍ਹੇ ਦਰਬਾਰ ਵਿੱਚ ਜ਼ਿਆਦਾਤਰ ਸਮੱਸਿਆਵਾਂ ਬਿਜਲੀ, ਪਾਣੀ, ਗਲੀਆਂ ਅਤੇ ਸੜਕਾਂ ਦਾ ਨਿਰਮਾਣ ਅਤੇ ਮੁਰੰਮਤ, ਰਾਸ਼ਨ ਕਾਰਡ, ਬੀ.ਪੀ.ਐੱਲ ਕਾਰਡ, ਸਿਹਤ, ਸਕੂਲਾਂ ਨੂੰ ਅਪਗ੍ਰੇਡ ਕਰਵਾਉਣ ਤੇ ਪੈਨਸ਼ਨ ਆਦਿ ਵਿਭਾਗ ਨਾਲ ਸਬੰਧਤ ਰਹੀਆਂ। ਇਸ ਦੌਰਾਨ ਵਿਧਾਇਕ ਨੇ ਜ਼ਿਆਦਾਤਰ ਸਮੱਸਿਆਵਾਂ ਦਾ ਮੌਕੇ ’ਤੇ ਹੀ ਹੱਲ ਕੀਤਾ ਅਤੇ ਬਾਕੀ ਸਮੱਸਿਆਵਾਂ ਦੇ ਹੱਲ ਲਈ ਖੁੱਲ੍ਹੇ ਦਰਬਾਰ ਵਿਚ ਮੌਜੂਦ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਇਸ ਮੌਕੇ ਭਾਜਪਾ ਆਗੂ ਬਲਦੇਵ ਗਰੋਹਾ, ਮੀਤ ਪ੍ਰਧਾਨ ਰਮੇਸ਼ ਸਿੰਗਲਾ, ਚੇਅਰਮੈਨ ਵੇਦ ਪ੍ਰਕਾਸ਼, ਮੰਡਲ ਪ੍ਰਧਾਨ ਸੱਤ ਨਰਾਇਣ ਗੁਰਜਰ, ਦਿਆਨੰਦ ਗੁਰਜਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਅਤੇ ਪੰਚ ਸਰਪੰਚ ਆਦਿ ਹਾਜ਼ਰ ਸਨ।