ਪੱਤਰ ਪ੍ਰੇਰਕ
ਜੀਂਦ, 27 ਅਪਰੈਲ
ਕੇਂਦਰੀ ਟਰੇਡ ਯੂਨੀਅਨਾਂ-ਸੀਟੂ, ਇੰਟਕ, ਏਟਕ, ਐੱਚਐੱਮਐੱਸ ਅਤੇ ਸਰਵ ਕਰਮਚਾਰੀ ਸੰਘ ਦੀ ਇੱਕ ਸਾਂਝੀ ਬੈਠਕ ਸ਼ੂਗਰ ਮਿੱਲ ਦੇ ਸਾਹਮਣੇ ਚੱਲ ਰਹੇ ਸਥਾਨ ਦੇ ਕੋਲ ਹੋਈ। ਬੈਠਕ ਵਿੱਚ ਸੀਟੂ ਦੇ ਜ਼ਿਲ੍ਹਾ ਸਕੱਤਰ ਕਪੂਰ ਸਿੰਘ, ਰਮੇਸ਼ ਚੰਦ, ਸੰਦੀਪ ਜਾਜਵਾਨ, ਏਟਕ ਤੋਂ ਸੱਤਪਾਲ ਸਰੋਹਾ, ਇੰਟਕ ਤੋਂ ਕ੍ਰਿਸ਼ਨ ਨੈਣ, ਧਰਮਵੀਰ ਲੋਹਾਨ, ਐੱਚਐੱਮਐੱਸ ਤੋਂ ਰਣਧੀਰ ਚਹਿਲ ਅਤੇ ਸਰਵ ਕਰਮਚਾਰੀ ਸੰਘ ਤੋਂ ਜ਼ਿਲ੍ਹਾ ਪ੍ਰਧਾਨ ਰਾਮਫਲ ਦਲਾਲ ਅਤੇ ਸਕੱਤਰ ਸਤੀਸ਼ ਪਟਵਾਰੀ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੀ ਪ੍ਰਧਾਨਗੀ ਧਰਮਵੀਰ ਲੋਹਾਨ ਨੇ ਕੀਤੀ। ਬੈਠਕ ਵਿੱਚ ਆਗਾਮੀਂ ਪਹਿਲੀ ਮਈ ਨੂੰ ਅੰਤਰ ਰਾਸ਼ਟਰੀ ਮਜ਼ਦੂਰ ਦਿਵਸ ਮਨਾਉਣ ਉੱਤੇ ਚਰਚਾ ਕੀਤੀ ਗਈ। ਫੈਸਲਾ ਲਿਆ ਗਿਆ ਕਿ ਇਸ ਵਾਰ ਮਜ਼ਦੂਰ ਏਕਤਾ ਦਿਵਸ ਸਾਂਝੇ ਮੋਰਚੇ ਦੇ ਸੱਦੇ ਉੱਤੇ ਮੁਲਾਜ਼ਮਾਂ ਤੇ ਕਿਸਾਨਾਂ ਦੇ ਨਾਲ ਮਿਲ ਕੇ ਮਨਾਇਆ ਜਾਵੇਗਾ। ਇਹ ਮਜ਼ਦੂਰ ਏਕਤਾ ਦਿਵਸ ਕਿਸਾਨਾਂ ਨਾਲ ਖਟਕੜ ਟੌਲ ਪਲਾਜ਼ਾ, ਬੱਦੋਵਾਲ ਟੌਲ ਪਲਾਜ਼ਾ, ਜੁਲਾਨਾ ਸ਼ਹਿਰ ਅਤੇ ਸਫੀਦੋਂ ਮੰਡੀ ਵਿੱਚ ਇੱਕੋ ਨਾਲ ਮਨਾਇਆ ਜਾਵੇਗਾ। ਸੀਟੂ ਦੇ ਸੂਬਾਈ ਉਪ-ਪ੍ਰਧਾਨ ਰਮੇਸ਼ ਚੰਦ ਨੇ ਦੱਸਿਆ ਕਿ ਪਹਿਲੀ ਮਈ ਮਜ਼ਦੂਰ ਦਿਵਸ ਸੰਘਰਸ਼ਾਂ ਦਾ ਪ੍ਰਤੀਕ ਹੈ। ਦੁਨੀਆ ਭਰ ਦਾ ਮਜ਼ਦੂਰ ਅੰਦੋਲਨ ਇਸ ਦਿਨ ਨੂੰ ਅਪਣੇ ਸੰਘਰਸ਼ਾਂ ਦੀ ਪ੍ਰਾਪਤੀਆਂ ਅਤੇ ਸਾਹਮਣੇ ਖੜ੍ਹੀ ਚੁਣੌਤੀਆਂ ਦਾ ਵਿਸਲੇਸ਼ਣ ਕਰਕੇ ਮਿਹਨਤਕਸ਼ ਵਰਗਾਂ ਦੀ ਏਕਤਾ ਸਥਾਪਿਤ ਕਰਦੇ ਹੋਏ ਅੱਗ ਵਧਣ ਦੀ ਯੋਜਨਾਵਾਂ ਬਣਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਜਲਦੀ ਤੋਂ ਜਲਦੀ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਉਨਾਂ ਨੂੰ ਵਾਪਸ ਘਰ ਭੇਜਿਆ ਜਾਵੇ।