ਪੱਤਰ ਪ੍ਰੇਰਕ
ਰਤੀਆ, 6 ਸਤੰਬਰ
ਹਲਕਾ ਰਤੀਆ ਤੋਂ ਭਾਜਪਾ ਵਿਧਾਇਕ ਲਛਮਣ ਨਾਪਾ ਨੇ ਅੱਜ ਨਗਰ ਕੌਂਸਲ ਰਤੀਆ ਦੇ ਨਵ ਨਿਯੁਕਤ ਮੀਤ ਪ੍ਰਧਾਨ ਜੋਗਿੰਦਰ ਨੰਦਾ ਨੂੰ ਦਫ਼ਤਰ ਵਿੱਚ ਮੀਤ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ। ਇਸ ਮੌਕੇ ਵਿਧਾਇਕ ਨਾਪਾ ਨੇ ਕਿਹਾ ਕਿ ਵਿਰੋਧੀ ਧਿਰ ਵਲੋਂ ਮੀਤ ਪ੍ਰਧਾਨ ਅਹੁਦੇ ਦੀ ਚੋਣ ਵਿਚ ਸਰਕਾਰੀ ਦਬਾਅ ਵਿਚ ਅਧਿਕਾਰੀਆਂ ਵਲੋਂ ਧੱਕੇਸ਼ਾਹੀ ਕਰਨ ਦੇ ਲਾਏ ਦੋਸ਼ ਝੂਠੇ ਹਨ ਕਿਉਂਕਿ ਐਸ.ਡੀ.ਐਮ ਵਲੋਂ ਨਿਯਮ ਅਨੁਸਾਰ ਹੀ ਚੋਣ ਕਰਵਾਈ ਗਈ ਹੈ ਅਤੇ ਕੋਰਮ ਪੂਰਾ ਹੋਣ ਤੋਂ ਬਾਅਦ ਹੀ ਉਨ੍ਹਾਂ ਗੇਟ ਬੰਦ ਕਰਵਾਇਆ ਸੀ।
ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਜਦੋਂ ਪ੍ਰਸ਼ਾਸਨ ਵਲੋਂ ਮੀਟਿੰਗ ਲਈ 10 ਵਜੇ ਦਾ ਸਮਾਂ ਤੈਅ ਕੀਤਾ ਗਿਆ ਸੀ ਤਾਂ ਸਾਰੇ ਕੌਂਸਲਰਾਂ ਨੂੰ ਨਿਰਧਾਰਿਤ ਸਮੇਂ ਅਨੁਸਾਰ ਹੀ ਪਹੁੰਚਣਾ ਚਾਹੀਦਾ ਸੀ। ਐਸ.ਡੀ.ਐਮ ਵਲੋਂ ਨਿਰਧਾਰਿਤ ਸਮੇਂ ਵਿਚ ਮੀਟਿੰਗ ਦਾ ਕੋਰਮ ਪੂਰਾ ਹੋਣ ’ਤੇ ਮੀਤ ਪ੍ਰਧਾਨ ਅਹੁਦੇ ਦੀ ਚੋਣ ਨਿਯਮ ਅਨੁਸਾਰ ਕਰਵਾਈ ਗਈ ਹੈ।
ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਆਪਣੀ ਹਾਰ ਤੋਂ ਬੌਖਲਾ ਗਏ ਹਨ ਕਿਉਂਕਿ ਭਾਜਪਾ ਉਮੀਦਵਾਰ ਨੂੰ 11 ਵੋਟਾਂ ਪਈਆਂ ਹਨ। ਇਸ ਮੌਕੇ ਉਨ੍ਹਾਂ ਮੀਤ ਪ੍ਰਧਾਨ ਅਤੇ ਹੋਰ ਵਾਰਡ ਕੌਂਸਲਰਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਕਿਹਾ ਕਿ ਉਹ ਜਲਦ ਹੀ ਕੌਂਸਲਰਾਂ ਅਤੇ ਅਧਿਕਾਰੀਆਂ ਨੂੰ ਨਾਲ ਲੈ ਕੇ ਸ਼ਹਿਰ ਦੇ ਸਾਰੇ ਵਾਰਡਾਂ ਦਾ ਦੌਰਾ ਕਰਨਗੇ ਅਤੇ ਸਮੱਸਿਆਵਾਂ ਨੂੰ ਸੁਣ ਕੇ ਉਨ੍ਹਾਂ ਦਾ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਨੇ ਭਾਜਪਾ ਦੇ 11 ਕੌਂਸਲਰਾਂ ਦਾ ਧੰਨਵਾਦ ਕੀਤਾ।