ਜਗਤਾਰ ਸਮਾਲਸਰ
ਏਲਨਾਬਾਦ, 22 ਜੂਨ
ਨਗਰ ਕੌਂਸਲ ਚੋਣਾਂ ਲਈ 19 ਜੂਨ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ ਸਥਾਨਕ ਬੀਡੀਪੀਓ ਦਫ਼ਤਰ ਵਿੱਚ ਹੋਈ। ਇਸ ਦੌਰਾਨ ਚੇਅਰਮੈਨ ਦੇ ਅਹੁਦੇ ਦੀ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਮ ਸਿੰਘ ਸੋਲੰਕੀ ਜੇਤੂ ਰਹੇ। ਉਨ੍ਹਾਂ ਆਪਣੇ ਵਿਰੋਧੀ ਭਾਜਪਾ, ਜਜਪਾ ਅਤੇ ਹਲੋਪਾ ਦੇ ਸਾਂਝੇ ਉਮੀਦਵਾਰ ਰਾਜੇਸ਼ ਕਨਵਾੜੀਆ ਨੂੰ 347 ਵੋਟਾਂ ਨਾਲ ਹਰਾਇਆ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੇ ਰਾਮ ਸਿੰਘ ਸੋਲੰਕੀ ਨੂੰ 7471 ਵੋਟਾਂ ਮਿਲੀਆਂ, ਜਦੋਂ ਕਿ ਭਾਜਪਾ ਦੇ ਰਾਜੇਸ਼ ਕਨਵਾੜੀਆ ਨੂੰ 7124 ਵੋਟਾਂ ਪਈਆਂ। ਇਨੈਲੋ ਦੇ ਵਿਜੇ ਅਠਵਾਲ ਨੂੰ 2066, ਆਮ ਆਦਮੀ ਪਾਰਟੀ ਦੇ ਹਰਪਾਲ ਸਿੰਘ ਨੂੰ 867, ਬਹੁਜਨ ਸਮਾਜ ਪਾਰਟੀ ਦੇ ਪੁਸ਼ਪਿੰਦਰ ਸਿੰਘ ਨੂੰ 499 ਅਤੇ ਆਜ਼ਾਦ ਉਮੀਦਵਾਰ ਹਨੂਮਾਨ ਦਾਸ ਪਟੀਰ ਨੂੰ 368 ਵੋਟਾਂ ਮਿਲੀਆਂ। ਇਸ ਦੌਰਾਨ 203 ਵੋਟਰਾਂ ਨੇ ‘ਨੋਟਾ’ ਦਾ ਬਟਨ ਦਬਾਇਆ।
ਇਸੇ ਤਰ੍ਹਾਂ ਰਾਣੀਆ ਤੋਂ ਇਨੈਲੋ ਦੇ ਉਮੀਦਵਾਰ ਮਨੋਜ ਸਚਦੇਵਾ ਜੇਤੂ ਰਹੇ। ਉਨ੍ਹਾਂ ਭਾਜਪਾ ਉਮੀਦਵਾਰ ਦੀਪਕ ਗਾਬਾ ਨੂੰ 818 ਵੋਟਾਂ ਦੇ ਫਰਕ ਨਾਲ ਹਰਾਇਆ। ਮਨੋਜ ਸਚਦੇਵਾ ਨੂੰ 7118 ਵੋਟਾਂ ਪਈਆਂ, ਜਦੋਂ ਕਿ ਦੀਪਕ ਗਾਬਾ ਨੂੰ 6300 ਵੋਟਾਂ ਮਿਲੀਆਂ।