ਮਹਾਂਵੀਰ ਮਿੱਤਲ
ਜੀਂਦ, 14 ਜੁਲਾਈ
ਪਿਛਲੇ ਕਈ ਮਹੀਨਿਆਂ ਤੋਂ ਪੈਂਡਿੰਗ ਚੱਲੇ ਆ ਰਹੇ ਨਗਰ ਪਰਿਸ਼ਦ/ਨਗਰਪਾਲਿਕਾਵਾਂ ਦੀ ਚੋਣ ਪ੍ਰੀਕਿਰਿਆ ਪੂਰੀ ਹੋਣ ਮਗਰੋਂ ਪ੍ਰਧਾਨ ਅਤੇ ਐੱਮਸੀ ਅਹੁਦੇ ’ਤੇ ਜਿੱਤੇ ਹੋਏ ਉਮੀਦਵਾਰਾਂ ਨੇ ਸਹੁੰ ਚੁੱਕ ਕੇ ਆਪਣਾ-ਆਪਣਾ ਕਾਰਜ ਸੰਭਾਲ ਲਿਆ ਹੈ। ਜਾਣਕਾਰੀ ਅਨੁਸਾਰ ਜੀਂਦ, ਸਫੀਦੋਂ ਅਤੇ ਨਰਵਾਣਾ ਵਿੱਚ ਪ੍ਰਧਾਨ ਦੇ ਅਹੁਦੇ ’ਤੇ ਭਾਜਪਾ ਉਮੀਦਵਾਰ ਜਿੱਤੇ ਹਨ, ਜਦੋਂਕਿ ਉਚਾਨਾ ਵਿੱਚ ਆਜ਼ਾਦ ਉਮੀਦਵਾਰ ਨੇ ਪ੍ਰਧਾਨ ਅਹੁਦੇ ਦੀ ਚੋਣ ਜਿੱਤੀ।
ਜੀਂਦ ਨਗਰ ਪਰਿਸ਼ਦ ਵਿੱਚ ਡਾ. ਅਨੁਰਾਧਾ ਸੈਣੀ ਚੇਅਰਪਰਸਨ ਦੀ ਕੁਰਸੀ ਉੱਤੇ ਵਿਰਾਜਮਾਨ ਹੋਈ, ਇਨ੍ਹਾਂ ਦੇ ਨਾਲ ਜੀਂਦ ਨਗਰ ਪਰਿਸ਼ਦ ਦੇ 31 ਹੋਰ ਮੈਂਬਰਾਂ ਨੂੰ ਸੋਨੀਪਤ ਲੋਕ ਸਭਾ ਤੋਂ ਸੰਸਦ ਰਮੇਸ਼ ਕੌਸ਼ਕ ਅਤੇ ਜੀਂਦ ਹਲਕੇ ਦੇ ਵਿਧਾਇਕ ਡਾ. ਕ੍ਰਿਸ਼ਨ ਮਿੱਢਾ ਦੀ ਮੌਜੂਦਗੀ ਵਿੱਚ ਜੀਂਦ ਦੀ ਐੱਸਡੀਐੱਮ ਮੇਜਰ ਗਾਇਤਰੀ ਅਹਿਲਾਵਤ ਨੇ ਸਹੁੰ ਚੁਕਵਾਈ। ਇਸੇ ਪ੍ਰਕਾਰ ਨਰਵਾਣਾ ਨਗਰ ਪਰਿਸ਼ਦ ਵਿੱਚ ਭਾਜਪਾ ਤੋਂ ਬਣੇ ਪ੍ਰਧਾਨ ਮੁਕੇਸ਼ ਮਿਰਧਾ ਅਤੇ 22 ਨਵੇਂ ਐੱਮਸੀਜ਼ ਨੂੰ ਸਿਰਸਾ ਤੋਂ ਸੰਸਦ ਸੁਨੀਤਾ ਦੁੱਗਲ ਦੀ ਹਾਜ਼ਰੀ ਵਿੱਚ ਐੱਸਡੀਐੱਮ ਨੀਰਜ ਕੁਮਾਰ ਨੇ ਸਹੁੰ ਚੁਕਵਾਈ। ਇਸੇ ਤਰ੍ਹਾਂ ਹੀ ਸਫੀਦੋਂ ਨਗਰਪਾਲਿਕਾ ਵਿੱਚ ਵੀ ਭਾਜਪਾ ਦੇ ਅਨੀਤਾ ਰਾਣੀ ਦੇ ਨਾਲ ਨਵੇਂ ਬਣੇ 17 ਮੈਂਬਰਾਂ ਨੂੰ ਸਹੁੰ ਚੁਕਵਾਈ।
ਉਚਾਨਾ ਨਗਰਪਾਲਿਕਾ ਵਿੱਚ ਪ੍ਰਧਾਨਗੀ ਅਹੁਦੇ ਲਈ ਆਜ਼ਾਦ ਤੌਰ ’ਤੇ ਜਿੱਤੇ ਉਮੀਦਵਾਰ ਵਿਕਾਸ ਕਾਲਾ ਅਤੇ 13 ਹੋਰ ਮੈਂਬਰਾਂ ਨੂੰ ਐੱਸਡੀਐੱਮ ਰਾਜੇਸ਼ ਕੋਥ ਨੇ ਸਹੁੰ ਚੁਕਵਾਕੇ ਉਨ੍ਹਾਂ ਨੂੰ ਕੁਰਸੀ ਉੱਤੇ ਬਿਠਾਇਆ।