ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 17 ਜੂਨ
ਨਗਰ ਪਾਲਿਕਾ ਚੋਣਾਂ ਨੂੰ ਅਮਨ ਤੇ ਸ਼ਾਤੀਂਪੂਰਵਕ ਢੰਗ ਨਾਲ ਨਪੇਰੇ ਚਾੜਨ ਲਈ ਪੁਲੀਸ ਪ੍ਰਸ਼ਾਸਨ ਨੇ ਵਧੀਕ ਜ਼ਿਲ੍ਹਾ ਪੁਲੀਸ ਕਪਤਾਨ ਕਰਣ ਗੋਇਲ ਤੇ ਥਾਣਾ ਇੰਚਾਰਜ ਦੇਵਿੰਦਰ ਕੁਮਾਰ ਦੀ ਅਗਵਾਈ ਵਿਚ ਫਲੈਗ ਮਾਰਚ ਕੱਢਿਆ। ਇਸ ਤੋਂ ਪਹਿਲਾਂ ਉਨ੍ਹਾਂ ਸ਼ਾਹਬਾਦ ਥਾਣੇ ਵਿਚ ਪੁਲੀਸ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਬੈਠਕ ਵਿਚ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸ਼ਾਹਬਾਦ ਵਿਚ ਸੰਵੇਦਨਸ਼ੀਲ ਤੇ ਅਤਿਸੰਵੇਦਨਸ਼ੀਲ ਬੂਥਾਂ ’ਤੇ ਪੁਲੀਸ ਦੀ ਤਿਰਛੀ ਨਜ਼ਰ ਰਹੇਗੀ ਤੇ ਵੀਡੀਓਗ੍ਰਾਫੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬੂਥਾਂ ’ਤੇ ਵਧੇਰੇ ਪੁਲੀਸ ਤਾਇਨਾਤ ਕੀਤੀ ਜਾਏਗੀ। ਇਹ ਫਲੈਗ ਮਾਰਚ ਲੈਂਡ ਮਾਰਕ ਚੌਕ ਤੋਂ ਸ਼ੁਰੂ ਹੋ ਕੇ ਹੁੱਡਾ, ਆਰੀਆ ਸਕੂਲ ਰੋਡ, ਸਰਕਾਰੀ ਹਸਪਤਾਲ ਰੋਡ, ਪੁਲੀਸ ਚੌਕੀ ਰੋਡ , ਲਾਡਵਾ ਰੋਡ ,ਬਰਾੜਾ ਰੋਡ ਤੇ ਜੀਟੀ ਰੋਡ ਤੋਂ ਲੰਘਿਆ। ਗੋਇਲ ਨੇ ਕਿਹਾ ਕਿ ਪੁਲੀਸ ਅਮਨ ਚੈਨ ਨਾਲ ਪਾਲਿਕਾ ਚੋਣਾਂ ਕਰਾਉਣ ਲਈ ਦਿਨ ਰਾਤ ਨਜ਼ਰ ਰੱਖ ਰਹੀ ਹੈ। ਨਿਰਪੱਖ ਤੇ ਸ਼ਾਂਤੀਪੂਰਵਕ ਢੰਗ ਨਾਲ ਚੋਣਾਂ ਕਰਾਉਣਾ ਪੁਲੀਸ ਦਾ ਪਹਿਲਾ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਨਗਰ ਪਾਲਿਕਾ ਚੋਣਾਂ ਨੂੰ ਲੈ ਕੇ ਸੂਬਾ ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਕ ਆਦਰਸ਼ ਚੋਣ ਜ਼ਾਬਤਾ ਲੱਗਿਆ ਹੋਇਆ ਹੈ। ਚੋਣਾਂ ਨੂੰ ਲੈ ਕੇ ਸਾਰੇ ਕਰਮਚਾਰੀਆਂ , ਉਮੀਦਵਾਰਾਂ ਤੇ ਆਮ ਨਾਗਰਿਕਾਂ ਨੂੰ ਆਦਰਸ਼ ਚੋਣ ਜ਼ਾਬਤੇ ਦਾ ਸਖਤੀ ਨਾਲ ਪਾਲਣ ਕਰਨਾ ਪਵੇਗਾ ਤੇ ਕਿਸੇ ਨੂੰ ਵੀ ਇਸ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ। ਵੋਟਰ ਬਿਨਾਂ ਕਿਸੇ ਡਰ ਭੈਅ ਦੇ ਆਪਣੀ ਵੋਟ ਦੀ ਵਰਤੋਂ ਕਰਨ ਤੇ ਪੁਲੀਸ ਪ੍ਰਸ਼ਾਸਨ ਦਾ ਸਹਿਯੋਗ ਦੇਣ।