ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 22 ਅਗਸਤ
ਸੱਤ ਮਹੀਨੇ ਬੀਤਣ ਤੋਂ ਬਾਅਦ ਵੀ ਕਾਲਾਂਵਾਲੀ ਦੇ ਅੰਕੁਰ ਪ੍ਰਜਾਪਤੀ ਹੱਤਿਆਕਾਂਡ ਦਾ ਕੋਈ ਸੁਰਾਗ ਨਾ ਲੱਗਣ ’ਤੇ ਅੱਜ ਅੰਕੁਰ ਦੇ ਪਰਿਵਾਰ ਵਾਲਿਆਂ ਨੇ ਸ਼ਹਿਰ ਦੀਆਂ ਸਮਾਜਸੇਵੀ, ਰਾਜਨੀਤਕ ਅਤੇ ਧਾਰਮਿਕ ਜਥੇਬੰਦੀਆਂ ਨਾਲ ਥਾਣੇ ਦੇ ਸਾਹਮਣੇ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਅੰਕੁਰ ਦੀਆਂ ਭੈਣਾਂ ਨੇ ਥਾਣਾ ਮੁਖੀ ਰਾਜਾ ਰਾਮ ਅਤੇ ਹੋਰ ਪੁਲਿਸ ਮੁਲਾਜ਼ਮਾਂ ਨੂੰ ਚੂੜੀਆਂ ਭੇਟ ਕਰਕੇ ਉਨਾਂ ਨੂੰ ਛੇਤੀ ਨਿਆਂ ਦਿਵਾਉਣ ਦੀ ਮੰਗ ਕੀਤੀ।
ਅੰਕੁਰ ਪ੍ਰਜਾਪਤੀ ਦੇ ਚਾਚੇ ਸਰਵਨ ਪ੍ਰਜਾਪਤੀ ਨੇ ਕਿਹਾ ਕਿ ਪੁਲੀਸ ਇਨਸਾਫ਼ ਨਹੀਂ ਦਿਵਾ ਸਕਦੀ, ਸੁਰੱਖਿਆ ਨਹੀਂ ਕਰ ਸਕਦੀ ਤਾਂ ਆਪਣੇ ਹੱਥਾਂ ਵਿੱਚ ਚੂੜੀਆਂ ਪਾ ਲਵੇ। ਪਰਿਵਾਰ ਨੇ ਚਿਤਾਵਨੀ ਦੱਤੀ ਕਿ ਜੇਕਰ ਮੁਲਜ਼ਮਾਂ ਨੂੰ ਛੇਤੀ ਕਾਬੂ ਨਾ ਕੀਤਾ ਗਿਆ ਤਾਂ ਉਹ ਵੱਡੇ ਅਧਿਕਾਰੀਆਂ ਦੇ ਦਫ਼ਤਰਾਂ ਦੇ ਸਾਹਮਣੇ ਪ੍ਰਦਰਸ਼ਨ ਕਰਕੇ ਉਨ੍ਹਾਂ ਨੂੰ ਵੀ ਚੂੜੀਆਂ ਭੇਟ ਕਰਨਗੇ।
ਨਾਗਰਿਕ ਪਰੀਸ਼ਦ ਦੇ ਪ੍ਰਧਾਨ ਨਰੇਸ਼ ਮਹੇਸ਼ਵਰੀ, ਹੈਲਪਿੰਗ ਹੈਂਡ ਟਰੱਸਟ ਦੇ ਪ੍ਰਧਾਨ ਲਖਬੀਰ ਸੋਢੀ, ਤੇ ਹੋਰ ਆਗੂਆਂ ਨੇ ਵੀ ਅੰਕੁਰ ਦੇ ਕਾਤਲਾਂ ਨੂੰ ਫੜਨ ਦੀ ਮੰਗ ਕੀਤੀ। ਦੂਜੇ ਪਾਸੇ ਥਾਣਾ ਮੁਖੀ ਰਾਜਾ ਰਾਮ ਨੇ ਕਿਹਾ ਕਿ ਕੇਸ ਦੀ ਜਾਂਚ ਚੱਲ ਰਹੀ ਹੈ। ਮੁਲਜ਼ਮਾਂ ਬਾਰੇ ਜਾਣਕਾਰੀ ਦੇਣ ਉੱਤੇ ਇਨਾਮ ਦੇਣ ਲਈ ਫਾਈਲ ਉੱਚ ਅਧਿਕਾਰੀਆਂ ਨੂੰ ਭੇਜੀ ਹੋਈ ਹੈ।
ਚੇਤੇ ਰਹੇ ਕਿ ਬੀਤੀ 18 ਜਨਵਰੀ ਦੀ ਰਾਤ ਨੂੰ ਕਾਲਾਂਵਾਲੀ ਦੇ ਵਾਰਡ ਨੰਬਰ 3 ਵਿੱਚ ਅਣਪਛਾਤੇ ਲੁਟੇਰੇ ਮਹਾਵੀਰ ਪ੍ਰਜਾਪਤੀ ਦੇ ਘਰ ਦਾਖਲ ਹੋਏ ਸਨ ਅਤੇ ਉਸ ਦੇ ਮਾਤਾ ਪਿਤਾ ਨਾਲ ਮਾਰ ਕੁੱਟ ਕੀਤੀ ਸੀ। ਉਨ੍ਹਾਂ ਦੇ ਬਚਾਅ ਲਈ ਆਏ ਅੰਕੁਰ ਪ੍ਰਜਾਪਤੀ ਨੂੰ ਲੁਟੇਰਿਆਂ ਨੇ ਗੋਲੀ ਮਾਰ ਦਿੱਤੀ ਸੀ। ਕਾਤਲਾਂ ਦੀ ਭਾਲ ਲਈ ਪਰਿਵਾਰ ਨੇ 50 ਹਜ਼ਾਰ ਰੁਪਏ ਦਾ ਇਨਾਮ ਦੇਣ ਵੀ ਐਲਾਨ ਕੀਤਾ ਹੋਇਆ ਹੈ।