ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 11 ਨਵੰਬਰ
ਸ਼ਹਿਰ ਦੀ ਕ੍ਰਿਸ਼ਨਾ ਕਾਲੋਨੀ ਦੇ ਰਹਿਣ ਵਾਲੇ ਨੌਜਵਾਨ ਦਾ ਲੰਘੀ ਰਾਤ ਕਤਲ ਕਰ ਦਿੱਤਾ ਗਿਆ। ਵਿਸ਼ਾਲ ਨਾਂ ਦੇ 21 ਸਾਲਾ ਨੌਜਵਾਨ ਹਰ ਰੋਜ਼ ਦੀ ਤਰ੍ਹਾਂ ਸ਼ੁਕਲਕੁੰਡ ਰੋਡ ’ਤੇ ਦੁਕਾਨ ਬੰਦ ਕਰ ਕੇ ਰਾਤ 10.30 ਵਜੇ ਦੇ ਕਰੀਬ ਘਰ ਪਰਤ ਰਿਹਾ ਸੀ। ਇਸ ਦੌਰਾਨ ਉਸ ਦਾ ਪਿੱਛਾ ਕਰ ਰਹੇ 10 ਤੋਂ 12 ਨੌਜਵਾਨਾਂ ਨੇ ਉਸ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਵਿਸ਼ਾਲ ਦੀਆਂ ਚੀਕਾਂ ਸੁਣ ਕੇ ਲੋਕਾਂ ਨੇ ਉਸ ਦੇ ਵੱਡੇ ਭਰਾ ਮੋਹਿਤ ਨੂੰ ਫੋਨ ’ਤੇ ਸੂਚਿਤ ਕੀਤਾ। ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਵੱਡੇ ਭਰਾ ਮੋਹਿਤ ਨੇ ਦੱਸਿਆ ਕਿ ਉਸ ਦੇ ਭਰਾ ਨੂੰ ਕਤਲ ਕਰਨ ਵਾਲਿਆਂ ਵਿੱਚ ਦੀਪਾ, ਗੋਰੀ, ਈਸ਼ੂ ਸਣੇ 10 ਤੋਂ 12 ਨੌਜਵਾਨ ਹੋਰ ਸ਼ਾਮਲ ਹਨ। ਪੁਲੀਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ।