ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 3 ਅਗਸਤ
ਖੇਤਰ ਦੇ ਪਿੰਡ ਖੂਈਆਂ ਨੇਪਾਲਪੁਰ ਵਿੱਚ ਨਾਜਾਇਜ਼ ਸਬੰਧਾਂ ਕਾਰਨ ਕੁੱਟ-ਕੁੱਟ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਹਿਸਾਰ ਜ਼ਿਲ੍ਹੇ ਦੇ ਪਿੰਡ ਗੱਬੀਪੁਰ ਦੇ ਵਸਨੀਕ ਸੰਦੀਪ ਵਜੋਂ ਹੋਈ ਹੈ। ਪੁਲੀਸ ਵੱਲੋਂ ਨੌਜਵਾਨ ਦੀ ਲਾਸ਼ ਪੋਸਟਮਾਰਟਮ ਲਈ ਸਿਰਸਾ ਦੇ ਸਿਵਲ ਹਸਪਤਾਲ ਪੰਹੁਚਾਉਣ ਮਗਰੋਂ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਘਟਨਾ ਬਾਰੇ ਸੂਚਨਾ ਦਿੱਤੀ ਗਈ। ਜਾਣਕਾਰੀ ਅਨੁਸਾਰ ਪਿੰਡ ਗੱਬੀਪੁਰ ਜ਼ਿਲ੍ਹਾ ਹਿਸਾਰ ਵਾਸੀ ਸੰਦੀਪ (25) ਅੱਜ ਸਵੇਰੇ ਖੂਈਆਂ ਨੇਪਾਲਪੁਰ ਵਾਸੀ ਕਾਲੂ ਰਾਮ ਦੇ ਘਰ ਆਇਆ ਸੀ, ਜਿੱਥੇ ਕੁੱਟ-ਕੁੱਟ ਕੇ ਉਸ ਨੂੰ ਮਾਰ ਦਿੱਤਾ ਗਿਆ। ਦੱਸਿਆ ਗਿਆ ਹੈ ਕਿ ਉਕਤ ਨੌਜਵਾਨ ਦੇ ਪਿੰਡ ਖੂਈਆਂ ਨੇਪਾਲਪੁਰ ਵਿੱਚ ਇੱਕ ਔਰਤ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਰ ਕੇ ਉਹ ਇੱਥੇ ਆਇਆ ਸੀ। ਮਨੀਰਾਮ ਨਾਂ ਦੇ ਇੱਕ ਨੌਜਵਾਨ ਨੇ ਉਸ ’ਤੇ ਹਮਲਾ ਕੀਤਾ ਅਤੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ਮਗਰੋਂ ਥਾਣਾ ਔਢਾਂ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਰਸਾ ਦੇ ਸਿਵਲ ਹਸਪਤਾਲ ਪਹੁੰਚਾਇਆ। ਪੁਲੀਸ ਨੇ ਮੁਲਜ਼ਮ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।