ਮਹਾਵੀਰ ਮਿੱਤਲ
ਜੀਂਦ, 3 ਸਤੰਬਰ
ਕਿਸਾਨ ਮਜ਼ਦੂਰ ਰਿਟਾਇਰਡ ਕਰਮਚਾਰੀ ਜਾਗ੍ਰਿਤੀ ਮੰਚ ਨੇ ਇੱਥੇ ਜਾਟ ਧਰਮਸ਼ਾਲਾ ਵਿੱਚ ਬੈਠਕ ਕਰਕੇ 5 ਸਤੰਬਰ ਨੂੰ ਯੂਪੀ ਦੇ ਮੁੱਜ਼ਫਰਨਗਰ ਵਿੱਚ ਹੋਣ ਵਾਲੀ ਰੈਲੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਮੰਚ ਦੇ ਪ੍ਰਧਾਨ ਕਿਤਾਬ ਸਿੰਘ ਭਨਵਾਲਾ ਨੇ ਕਿਹਾ ਕਿ 28 ਅਗਸਤ ਨੂੰ ਕਰਨਾਲ ਵਿੱਚ ਕਿਸਾਨਾਂ ਉੱਤੇ ਲਾਠੀ ਚਾਰਜ ਕਰਵਾਉਣਾ ਨਿੰਦਣਯੋਗ ਹੈ। ਇੱਥੋਂ ਦੇ ਤਤਕਾਲੀਨ ਐੱਸਡੀਐੱਮ ਆਯੁਸ਼ ਸਿਨਹਾ ਦੁਆਰਾ ਕਿਸਾਨਾਂ ਦੇ ਸਿਰ ਭੰਲ੍ਹਣ ਦੇ ਨਿਰਦੇਸ਼ ਦੇਣ ਵਾਲਾ ਵੀਡੀਓ ਵਾਇਰਲ ਹੋਣ ਮਗਰੋਂ ਅਤੇ ਸਰਕਾਰ ਦੁਆਰਾ ਐੱਸਡੀਐੱਮ ਦਾ ਬਚਾਓ ਕਰਨਾ ਸਰਕਾਰ ਦੀ ਕਾਰਜਸ਼ੈਲੀ ਉੱਤੇ ਸੁਆਲ ਖੜ੍ਹੇ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੀਐੱਮ ਅਤੇ ਡਿਪਟੀ ਸੀਐੱਮ ਦੀ ਸਹਿਮਤੀ ਦੇ ਬਗੈਰ ਕਿਸੇ ਐੱਸਡੀਐੱਮ ਦਾ ਅਜਿਹੇ ਆਦੇਸ਼ ਦੇਣ ਦਾ ਸਾਹਸ ਨਹੀਂ ਹੋ ਸਕਦਾ। ਇਸ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਹ ਮਾਮਲਾ ਪਹਿਲਾਂ ਹੀ ਤਹਿ ਕੀਤਾ ਹੋਇਆ ਸੀ।
ਟੋਹਾਣਾ (ਗੁਰਦੀਪ ਸਿੰਘ ਭੱਟੀ): ਖੇਤੀ ਕਨੂੰਨਾਂ ਦੀ ਵਾਪਸੀ ਲਈ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤੀ ਦੇਣ ਲਈ 5 ਸਤੰਬਰ ਕਿਸਾਨ ਰੈਲੀ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਭਾਰਤੀ ਕਿਸਾਨ ਜਥੇਬੰਦੀ ਦੇ ਕਿਸਾਨ ਆਗੂ ਗੁਰਦਿਆਲ ਸਿੰਘ ਢੇਰ ਦੀ ਪ੍ਰਧਾਨਗੀ ਵਿੱਚ ਪੱਕਾ ਕਿਸਾਨ ਮੋਰਚਾ ਟਾਊਨ ਪਾਰਕ ਵਿੱਚ ਹਲਕੇ ਦੇ ਕਿਸਾਨਾਂ ਦੀ ਪੰਚਾਇਤ ਵਿੱਚ ਤਿਆਰੀਆਂ ਸਬੰਧੀ ਜਾਇਜ਼ਾ ਲਿਆ ਗਿਆ ਤੇ ਪਿੰਡਾਂ ਤੋ ਕਾਫਲੇ ਤੋੋਰਨ ਬਾਰੇ ਨੀਤੀ ਘੜੀ ਗਈ। ਪੰਚਾਇਤ ਵਿੱਚ ਭਾਕਿਯੂੁ ਜ਼ਿਲ੍ਹਾ ਪ੍ਰਧਾਨ ਮਾਛਿੰਦਰ ਸਿੰਘ ਕੰਨ੍ਹੜੀ, ਵੇਦ ਕੰਨੜ੍ਹੀ, ਜ਼ਿਲ੍ਹਾ ਸਕੱਤਰ ਹਰਪਾਲ ਸਿੰਘ, ਇਕਬਾਲ ਸਿੰਘ, ਰੇਸ਼ਮ ਸਿੰਘ, ਗੁਰਚਰਨ ਸਿੰਘ, ਤੇਜਾ ਸਿੰਘ, ਹਰੀ ਸਿੰਘ, ਛੱਜੁ ਸੈਨੀ, ਰਾਮਨਿਵਾਸ, ਸਾਬਕਾ ਸਰਪੰਚ ਪ੍ਰੇਮ ਸਿੰਘ, ਪਾਲਾਰਾਮ, ਗਿਆਨ ਲੋਹਾਖੇੜਾ, ਕਿਤਾਬ ਸਿੰਘ, ਸੋਨੂੰ ਸੈਨੀ ਤੇ ਹੋਰ ਨੇਤਾ ਸ਼ਾਮਲ ਹੋਏ। ਪਿੰਡਾ ਵਿੱਚੋਂ ਕਾਫ਼ਲੇ ਤੋਰਨ ਦੀ ਵਿਊਂਤਬੰਦੀ ਤੋਂ ਇਲਾਵਾ ਸੜਕਾਂ ’ਤੇ ਚਾਹ, ਨਾਸ਼ਤਾ, ਲੰਗਰ ਤੇ ਪ੍ਰਬੰਧ ਕਰਨ ਲਈ ਨੌਜਵਾਨਾਂ ਦੀ ਡਿਊਟੀ ਲਾਈ ਗਈ। ਮੁਜਫ਼ਰਨਗਰ ਰੈਲੀ ਵਾਸਤੇ ਔਰਤਾਂ ਦੇ ਜਥੇ ਉਨ੍ਹਾਂ ਨਾਲ ਚਲਣਗੇ।
ਭਾਰਤੀ ਕਿਸਾਨ ਸੰਘ ਦੀ ਮੀਟਿੰਗ ’ਚ ਅਹਿਮ ਵਿਚਾਰਾਂ
ਯਮੁਨਾਨਗਰ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਸੰਘ ਹਰਿਆਣਾ ਜ਼ਿਲ੍ਹਾ ਯਮੁਨਾਨਗਰ ਦੀ ਇੱਕ ਬੈਠਕ ਕਮਿਊਨਿਟੀ ਸੈਂਟਰ ਖਜੂਰੀ ਵਿੱਚ ਹੋਈ। ਮੀਟਿੰਗ ਦੀ ਪ੍ਰਧਾਨਗੀ ਭਾਰਤੀ ਕਿਸਾਨ ਸੰਘ ਦੇ ਪ੍ਰਦੇਸ਼ ਸਰਪ੍ਰਸਤ ਪੰਡਿਤ ਲਖਮੀਚੰਦ, ਮਹੀਪਾਲ ਸਿੰਘ ਰਾਣਾ, ਪ੍ਰਤਾਪ ਸਿੰਘ ਅਤੇ ਧਰਮਵੀਰ ਥੰਬੜ ਨੇ ਕੀਤੀ, ਜਿਸ ਵਿੱਚ8 ਸਤੰਬਰ ਨੂੰ ਪੂਰੇ ਦੇਸ਼ ਦੇ 550 ਜ਼ਿਲ੍ਹਿਆਂ ਵਿੱਚ ਹੋਣ ਵਾਲੇ ਧਰਨਾ ਪ੍ਰਦਰਸ਼ਨ ਨੂੰ ਲੈ ਕੇ ਰਣਨੀਤੀ ਬਣਾਈ ਗਈ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪ੍ਰਦੇਸ਼ ਸੰਗਠਨ ਮੰਤਰੀ ਸੁਰਿੰਦਰ, ਪ੍ਰਦੇਸ਼ ਮੰਤਰੀ ਰਾਮਵੀਰ ਸਿੰਘ ਅਤੇ ਮੀਡੀਆ ਇੰਚਾਰਜ ਵਿਕਾਸ ਰਾਣਾ ਨੇ ਕਿਹਾ ਕਿ 27 ਅਗਸਤ ਨੂੰ ਜੀਂਦ ਵਿੱਚ ਭਾਰਤੀ ਕਿਸਾਨ ਸੰਘ ਹਰਿਆਣਾ ਦੀ ਹੋਈ ਬੈਠਕ ਵਿੱਚ ਤਿੰਨ ਖੇਤੀ ਕਾਨੂੰਨਾਂ ਵਿੱਚ ਸੋਧ ਕਰਵਾਉਣ ਦਾ ਸਮਰਥਨ ਕੀਤਾ ਗਿਆ ਸੀ ਪਰ ਕੇਂਦਰ ਸਰਕਾਰ ਭਾਰਤੀ ਕਿਸਾਨ ਸੰਘ ਵੱਲੋਂ ਦਿੱਤੇ ਸੁਝਾਅ ਲਾਗੂ ਕਰਨ ਵਿੱਚ ਵੀ ਟਾਲਮਟੋਲ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਕਿਸਾਨ ਸੰਘ ਹਰਿਆਣਾ ਅਨੁਸ਼ਾਸਨ ਵਿੱਚ ਰਹਿ ਕੇ ਰਾਸ਼ਟਰਹਿੱਤ ਲਈ ਕੰਮ ਕਰਨ ਵਾਲਾ ਕਿਸਾਨਾਂ ਦਾ ਸੰਗਠਨ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਇਸ ਸੰਗਠਨ ਵੱਲੋਂ ਦਿੱਤੇ ਸੁਝਾਅ ਜਲਦੀ ਹੀ ਅਮਲ ਵਿੱਚ ਲਿਆਂਦੇ ਜਾਣ ਨਹੀਂ ਤਾਂ ਇੱਕ ਬਹੁਤ ਵਡਾ ਅੰਦੋਲਨ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਦਿਲਾਵਰ ਸਿੰਘ, ਸਾਹਿਬ ਸਿੰਘ, ਰਣਧੀਰ ਨਾਗਲ, ਨਰੇਸ਼ ਕੰਬੋਜ, ਪ੍ਰਦੀਪ ਉਨਹੇੜੀ, ਜਤਿੰਦਰ ਸਿੰਘ ਮੌਜੂਦ ਸਨ।