ਪੱਤਰ ਪ੍ਰੇਰਕ
ਫਰੀਦਾਬਾਦ, 26 ਜੂਨ
ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਮਨ ਕੀ ਬਾਤ’ ਪ੍ਰੋਗਰਾਮ ਸੁਣਨ ਲਈ ਅੱਜ ਗੁਰੂਗ੍ਰਾਮ ਵਿੱਚ ਪੁੱਜੇ। ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਹਰ ਕੋਈ ਬੂਥ ’ਤੇ ਇਕੱਠੇ ਹੋ ਕੇ ਮਨ ਕੀ ਬਾਤ ਪ੍ਰੋਗਰਾਮ ਨੂੰ ਸੁਣਨ, ਇਸ ਨਾਲ ਬੂਥ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਡਰਾਈਂਗ ਰੂਮ ਵਿੱਚ ਇਕੱਲੇ ਬੈਠ ਕੇ ਸੁਣਨ ਲਈ ਨਹੀਂ ਹੈ ਸਗੋਂ ਬੂਥ ’ਤੇ ਇਕੱਠੇ ਹੋ ਕੇ ਸੁਣਨ ਲਈ ਹੈ। ਮੋਦੀ ਦੀ ਮਨ ‘ਕੀ ਬਾਤ ਸੁਣਨ’ ਲਈ ਗੁਰੂਗ੍ਰਾਮ ਦੇ ਬਾਦਸ਼ਾਹਪੁਰ ਵਿਧਾਨ ਸਭਾ ਦੇ ਬੂਥ ਨੰਬਰ 338 ’ਤੇ ਪਹੁੰਚੇ ਜੇਪੀ ਨੱਢਾ ਨਾਲ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ, ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ, ਰਾਜ ਮੰਤਰੀ ਬਨਵਾਰੀ ਲਾਲ, ਸੰਸਦ ਮੈਂਬਰ ਸੁਨੀਤਾ ਦੁੱਗਲ ਮੌਜੂਦ ਸਨ। ਪ੍ਰੋਗਰਾਮ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਨੱਢਾ ਨੇ ਇੰਦਰਾ ਗਾਂਧੀ ਵੱਲੋਂ 25 ਜੂਨ 1975 ਨੂੰ ਲਗਾਈ ਗਈ ਐਮਰਜੈਂਸੀ ਨੂੰ ਦੇਸ਼ ਦੇ ਲੋਕਤੰਤਰੀ ਇਤਿਹਾਸ ਦਾ ਇੱਕ ਕਾਲਾ ਅਧਿਆਏ ਦੱਸਿਆ। ਨੱਢਾ ਨੇ ਕਿਹਾ ਕਿ ਭਾਰਤ ਦੇ ਲੋਕਾਂ ਦੀ ਮੂਲ ਵਿਚਾਰਧਾਰਾ ਲੋਕਤੰਤਰ ਰਹੀ ਹੈ, ਜਿਸ ਨੇ ਆਖਰਕਾਰ ਐਮਰਜੈਂਸੀ ਦੀ ਤਾਨਾਸ਼ਾਹੀ ਨੂੰ ਉਖਾੜ ਦਿੱਤਾ। ਉਨ੍ਹਾਂ ਐਮਰਜੈਂਸੀ ਦੀ ਘਟਨਾ ਨੂੰ ਸਾਂਝਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਾਲਜ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਦਿੱਲੀ ਭਾਜਪਾ ਆਗੂਆਂ ਨੇ ਵੀ ਸੁਣੀ ‘ਮਨ ਕੀ ਬਾਤ’
ਨਵੀਂ ਦਿੱਲੀ (ਪੱਤਰ ਪ੍ਰੇਰਕ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਮਨ ਕੀ ਬਾਤ’ ਪ੍ਰੋਗਰਾਮ ਅੱਜ ਦਿੱਲੀ ਵਿੱਚ ਵੱਖ-ਵੱਖ ਥਾਵਾਂ ’ਤੇ ਕਰਵਾਇਆ ਕੀਤਾ ਗਿਆ। ਐੱਨਡੀਐੱਮਸੀ ਫਲੈਟ ਵਿੱਚ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਸੁਣਨ ਤੋਂ ਬਾਅਦ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੂਰੀ ਦੁਨੀਆ ਵਿੱਚ ਕਰੋਨਾ ਦੇ ਟੀਕਿਆਂ ਦੀ ਗਿਣਤੀ ਸਭ ਤੋਂ ਵੱਧ ਹੈ ਅਤੇ ਸਾਡਾ ਦੇਸ਼ 200 ਕਰੋੜ ਟੀਕਿਆਂ ਦੀ ਖੁਰਾਕ ਨੂੰ ਪਾਰ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅੱਜ ਮਨ ਕੀ ਬਾਤ ਦੇ 90ਵੇਂ ਐਡੀਸ਼ਨ ਵਿੱਚ ਪ੍ਰਧਾਨ ਮੰਤਰੀ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਚੱਲ ਰਹੇ ਖੇਡ ਸਮਾਗਮਾਂ ਦਾ ਜ਼ਿਕਰ ਕੀਤਾ ਅਤੇ ਦੇਸ਼ ਨੂੰ ਇੱਕ ਵਾਰ ਫਿਰ ਤੋਂ ਮਾਣ ਦਿਵਾਉਣ ਵਾਲੇ ਨੀਰਜ ਚੋਪੜਾ ਬਾਰੇ ਵੀ ਚਰਚਾ ਕੀਤੀ।