ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਗਸਤ
ਸੰਯੁਕਤ ਕਿਸਾਨ ਮੋਰਚੇ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਸੀ2+50 ਫੀਸਦੀ ਫਾਰਮੂਲੇ ਸਮੇਤ ਕਾਨੂੰਨੀ ਖਰੀਦ ਗਾਰੰਟੀ ਤੋਂ ਬਿਨਾਂ 24 ਫ਼ਸਲਾਂ ਅਤੇ 9 ਹੋਰ ਫ਼ਸਲਾਂ ਦੀ ਖ਼ਰੀਦ ਵਾਲਾ ਬਿਆਨ ਰੱਦ ਕੀਤਾ ਹੈ। ਉਨ੍ਹਾਂ ਕਿਹਾ, ‘‘ਭਾਜਪਾ ਦੀ ਇੱਕ ਚੋਣ ਰੈਲੀ ਵਿੱਚ ਦਿੱਤਾ ਇਹ ਬਿਆਨ ਕਿਸਾਨਾਂ ਦੀਆਂ ਵੋਟਾਂ ਬਟੋਰਨ ਲਈ ਮਹਿਜ਼ ਇਕ ਚੋਣ ਸਟੰਟ ਹੈ। ਹਰਿਆਣਾ ਦੇ ਕਿਸਾਨਾਂ ਨੂੰ ਇਹ ਕਦੇ ਵੀ ਮਨਜ਼ੂਰ ਨਹੀਂ ਅਤੇ ਉਹ ਭਾਜਪਾ ਨੂੰ ਸਬਕ ਜ਼ਰੂਰ ਸਿਖਾਉਣਗੇ।’’ ਮੋਰਚੇ ਵੱਲੋਂ 20 ਅਗਸਤ 2024 ਦੀ ਮੀਟਿੰਗ ਵਿੱਚ ਕਿਸਾਨਾਂ ਨੂੰ ਸੀ2+50 ਫੀਸਦੀ ਫਾਰਮੂਲੇ ਤਹਿਤ, ਐੱਮਐੱਸਪੀ ਖਰੀਦ ਦੀ ਕਾਨੂੰਨੀ ਗਾਰੰਟੀ, ਸਮੁੱਚੀ ਕਰਜ਼ਾ ਮੁਕਤੀ, ਬਿਜਲੀ ਦੇ ਨਿੱਜੀਕਰਨ ਦਾ ਵਿਰੋਧ ਤੇ ਹੋਰ ਮੰਗਾਂ ਲਈ ਲਾਮਬੰਦੀ ਕੀਤੀ ਜਾ ਰਹੀ ਹੈ।