ਨਿੱਜੀ ਪੱਤਰ ਪ੍ਰੇਰਕ
ਸਿਰਸਾ, 20 ਨਵੰਬਰ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਭਲਕੇ ਸਿਰਸਾ ਦੇ ਸੰਤ ਸਰਸਾਈ ਨਾਥ ਜੀ ਸਰਕਾਰੀ ਮੈਡੀਕਲ ਕਾਲਜ ਦਾ ਭੂਮੀ ਪੂਜਨ ਕਰਨਗੇ। ਇਸ ਦੇ ਨਾਲ ਹੀ ਮੈਡੀਕਲ ਕਾਲਜ ਕੈਂਪਸ ਵਿੱਚ ਵਾਤਾਵਰਨ ਸੰਭਾਲ ਦਾ ਸੁਨੇਹਾ ਦਿੰਦੇ ਬੂਟਾ ਵੀ ਲਾਉਣਗੇ। ਡਿਪਟੀ ਕਮਿਸ਼ਨਰ ਸ਼ਾਂਤਨੂੰ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ 21 ਨਵੰਬਰ ਨੂੰ ਸਿਰਸਾ ਪੁੱਜਣਗੇ। ਇਸ ਦੌਰਾਨ ਮੁੱਖ ਮੰਤਰੀ ਸਵੇਰੇ 10 ਵਜੇ ਸਥਾਨਕ ਮਿੰਨੀ ਬਾਈਪਾਸ ਰੋਡ ਨੇੜੇ ਉਸਾਰੀ ਲਈ ਨਿਸ਼ਾਨਬੱਧ ਜ਼ਮੀਨ ’ਤੇ ਕਰੀਬ 1200 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੰਤ ਸਰਸਾਈ ਨਾਥ ਸਰਕਾਰੀ ਮੈਡੀਕਲ ਕਾਲਜ ਦਾ ਭੂਮੀ ਪੂਜਨ ਕਰਨਗੇ। ਉਨ੍ਹਾਂ ਦੱਸਿਆ ਕਿ ਭੂਮੀ ਪੂਜਨ ਪ੍ਰੋਗਰਾਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜ਼ਿਲ੍ਹਾ ਮੈਜਿਸਟਰੇਟ ਸ਼ਾਂਤਨੂ ਸ਼ਰਮਾ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਦੌਰੇ ਦੇ ਮੱਦੇਨਜ਼ਰ ਧਾਰਾ 163 ਲਾਗੂ ਕੀਤੀ ਗਈ ਹੈ। ਮੁੱਖ ਮੰਤਰੀ ਦੇ ਦੌਰੇ ਦੌਰਾਨ ਡਰੋਨ ਉਡਾਉਣ ’ਤੇ ਪਾਬੰਦੀ ਰਹੇਗੀ। ਵੀਵੀਆਈਪੀ ਪਾਰਕਿੰਗ ਦੇ ਦੋਵੇਂ ਪਾਸੇ 75 ਮੀਟਰ ਦੇ ਘੇਰੇ ਵਿੱਚ ਹਰ ਤਰ੍ਹਾਂ ਦੇ ਵਾਹਨਾਂ ਦੀ ਪਾਰਕਿੰਗ ’ਤੇ ਪਾਬੰਦੀ ਲਾਈ ਗਈ ਹੈ।