ਚੰਡੀਗੜ੍ਹ, 30 ਅਕਤੂਬਰ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਕਾਂਗਰਸ ਦੇ ਝੂਠ ਦਾ ਪਰਦਾਫਾਸ਼ ਹੋ ਗਿਆ ਹੈ ਅਤੇ ਚੋਣ ਪ੍ਰਕਿਰਿਆ ਨੂੰ ਕਮਜ਼ੋਰ ਕਰਨ ਦੀਆਂ ਉਸ ਦੀਆਂ ਕੋਸ਼ਿਸ਼ਾਂ ਨੂੰ ਚੋਣ ਕਮਿਸ਼ਨ ਵੱਲੋਂ ਨਾਕਾਮ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਟਿੱਪਣੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਹੇਰਾਫੇਰੀ ਦੇ ਕਾਂਗਰਸ ਵੱਲੋਂ ਲਾਏ ਗਏ ਦੋਸ਼ਾਂ ਨੂੰ ਚੋਣ ਕਮਿਸ਼ਨ ਵੱਲੋਂ ਰੱਦ ਕਰ ਦਿੱਤੇ ਜਾਣ ਦੀ ਕਾਰਵਾਈ ਉਤੇ ਪ੍ਰਤੀਕਰਮ ਜ਼ਾਹਰ ਕਰਦਿਆਂ ਕੀਤੀਆਂ ਹਨ।
ਗ਼ੌਰਤਲਬ ਹੈ ਕਿ ਚੋਣ ਕਮਿਸ਼ਨ ਨੇ ਚੋਣਾਂ ਕਰਵਾਏ ਜਾਣ ਦੀ ਕਾਰਵਾਈ ਵਿਚ ਬੇਨਿਯਮੀਆਂ ਦੇ ਕਾਂਗਰਸ ਵੱਲੋਂ ਲਾਏ ਗਏ ਦੋਸ਼ਾਂ ਨੂੰ ਮੰਗਲਵਾਰ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਪਾਰਟੀ ਖਾਹਮਖ਼ਾਹ ‘ਸ਼ੱਕ-ਸ਼ੁਬਹੇ’ ਪੈਦਾ ਕਰ ਰਹੀ ਹੈ, ਜਿਵੇਂ ਇਹ ਅਤੀਤ ਵਿੱਚ ਵੀ ਕਰਦੀ ਰਹੀ ਹੈ।
ਸੈਣੀ ਨੇ ਹਰਿਆਣਾ ਸਿਵਲ ਸਕੱਤਰੇਤ ਵਿਖੇ ‘ਰਾਸ਼ਟਰੀ ਏਕਤਾ ਦਿਵਸ’ (‘Rashtriya Ekta Diwas’) ਦੇ ਸਹੁੰ ਚੁੱਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, “ਚੋਣ ਕਮਿਸ਼ਨ ਨੇ ਕਾਂਗਰਸ ਦੇ ਝੂਠ ਦਾ ਪਰਦਾਫਾਸ਼ ਕਰ ਦਿੱਤਾ ਹੈ।”
ਦੇਖੋ ਵੀਡੀਓ:
#WATCH चंडीगढ़: चुनाव आयोग द्वारा हरियाणा चुनाव में अनियमितताओं के कांग्रेस के आरोपों को खारिज करने पर हरियाणा के मुख्यमंत्री नायब सिंह सैनी ने कहा, “मैं चुनाव आयोग का दिल से धन्यवाद करता हूं। कांग्रेस तो झूठ का सहारा लेकर चलती है। चुनाव आयोग ने कांग्रेस के झूठ को नाकारा है… pic.twitter.com/zZWcNpFltM
— ANI_HindiNews (@AHindinews) October 30, 2024
ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਸਾਫ਼ ਕਿਹਾ ਸੀ ਕਿ ਕਾਂਗਰਸ ਜ਼ਮੀਨ ‘ਤੇ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਹੈ, ਹਾਲਾਂਕਿ ਵਿਰੋਧੀ ਪਾਰਟੀ ਦੇ ਨੇਤਾਵਾਂ ਵੱਲੋਂ ਸੂਬੇ ਵਿਚ ‘ਕਾਂਗਰਸ ਦੀ ਲਹਿਰ’ ਹੋਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਸਨ। ਉਨ੍ਹਾਂ ਕਿਹਾ, ”ਉਨ੍ਹਾਂ ਨੇ ਦੇਸ਼ ਨੂੰ ਲੁੱਟਿਆ, ਭ੍ਰਿਸ਼ਟਾਚਾਰ ਕੀਤਾ ਅਤੇ ਦੇਸ਼ ‘ਚ ਘੁਟਾਲੇ ਕੀਤੇ, ਉਨ੍ਹਾਂ ਨੇ ਲੋਕਾਂ ਨੂੰ ਗੈਸ ਸਿਲੰਡਰ ਲੈਣ ਲਈ ਦਿਨ-ਰਾਤ ਕਤਾਰਾਂ ‘ਚ ਖੜ੍ਹੇ ਕੀਤਾ।’’
ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਸਖ਼ਤ ਸ਼ਬਦਾਂ ਵਿਚ ਲਿਖੇ ਪੱਤਰ ਵਿੱਚ ਕਿਹਾ ਕਿ ਅਜਿਹੇ “ਫਜ਼ੂਲ ਅਤੇ ਬੇਬੁਨਿਆਦ” ਸ਼ੰਕਿਆਂ ਨਾਲ ‘ਬਦਅਮਨੀ ਤੇ ਅਰਾਜਕਤਾ’ ਫੈਲਣ ਦਾ ਖ਼ਦਸ਼ਾ ਪੈਦਾ ਹੁੰਦਾ ਹੈ।
ਗ਼ੌਰਤਲਬ ਹੈ ਕਿ 5 ਅਕਤੂਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਹਰਿਆਣਾ ਵਿਧਾਨ ਸਭਾ ਦੀਆਂ 90 ਵਿੱਚੋਂ 48 ਸੀਟਾਂ ’ਤੇ ਜਿੱਤ ਦਰਜ ਕਰ ਕੇ ਸੱਤਾ ਬਰਕਰਾਰ ਰੱਖੀ ਹੈ। ਦੂਜੇ ਪਾਸੇ ਆਪਣੀ ਸਰਕਾਰ ਬਣਨ ਦੀ ਉਮੀਦ ਲਾਈ ਬੈਠੀ ਕਾਂਗਰਸ ਨੂੰ 37, ਇਨੈਲੋ ਨੂੰ ਦੋ ਅਤੇ ਆਜ਼ਾਦ ਉਮੀਦਵਾਰਾਂ ਨੂੰ ਤਿੰਨ ਸੀਟਾਂ ਮਿਲੀਆਂ।
ਕਾਂਗਰਸ ਨੇ ਆਪਣੀ 8 ਸਫ਼ਿਆਂ ਦੀ ਸ਼ਿਕਾਇਤ ਵਿਚ ਹਰਿਆਣਾ ਦੀਆਂ 26 ਵਿਧਾਨ ਸਭਾ ਸੀਟਾਂ ਦੇ ਕੁਝ ਪੋਲਿੰਗ ਸਟੇਸ਼ਨਾਂ ‘ਤੇ ਗਿਣਤੀ ਦੌਰਾਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (EVMs) ਦੀ ਕੰਟਰੋਲ ਯੂਨਿਟ ‘ਤੇ 99 ਪ੍ਰਤੀਸ਼ਤ ਬੈਟਰੀ ਸਥਿਤੀ ਦੇ ਪ੍ਰਦਰਸ਼ਨ ‘ਤੇ “ਸਪੱਸ਼ਟਤਾ ਦੀ ਘਾਟ’ ਬਾਰੇ ਸਪੱਸ਼ਟੀਕਰਨ ਮੰਗਿਆ ਸੀ।
ਇਸ ਦੌਰਾਨ ਸਕੱਤਰੇਤ ਵਿਖੇ ਸੈਣੀ ਨੇ ਸਰਦਾਰ ਵੱਲਭ ਭਾਈ ਪਟੇਲ ਨੂੰ ਉਨ੍ਹਾਂ ਦੀ ਜੈਅੰਤੀ ਦੀ ਪੂਰਵ ਸੰਧਿਆ ‘ਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੰਮ ਕਰਨ ਵਾਲੇ ਨੇਤਾ ਵਜੋਂ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ 560 ਤੋਂ ਵੱਧ ਰਿਆਸਤਾਂ ਨੂੰ ਭਾਰਤੀ ਸੰਘ ਵਿੱਚ ਸ਼ਾਮਲ ਕਰਨ ਵਿੱਚ ਪਟੇਲ ਦਾ ਯੋਗਦਾਨ ਬਹੁਤ ਵੱਡਾ ਸੀ।
ਸੈਣੀ ਨੇ ਇਕੱਠ ਨੂੰ ਸਹੁੰ ਚੁਕਾਈ, ਰਾਸ਼ਟਰ ਦੀ “ਏਕਤਾ, ਅਖੰਡਤਾ ਅਤੇ ਸੁਰੱਖਿਆ” ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ ਅਤੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ, “ਮੈਂ ਭਗਵਾਨ ਸ੍ਰੀ ਰਾਮ ਨੂੰ ਇਹ ਵੀ ਪ੍ਰਾਰਥਨਾ ਕਰਦਾ ਹਾਂ ਕਿ ਸਾਡਾ ਹਰਿਆਣਾ ਖੁਸ਼ ਰਹੇ, ਮਜ਼ਬੂਤੀ ਨਾਲ ਅੱਗੇ ਵਧੇ ਅਤੇ ਖੁਸ਼ਹਾਲ ਰਹੇ।” -ਪੀਟੀਆਈ