ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 26 ਮਾਰਚ
ਕਰੀਬ ਸਵਾ ਕਰੋੜ ਰੁਪਏ ਦੀ ਕਮਰਸ਼ੀਅਲ ਜਾਇਦਾਦ ਖਰੀਦ-ਵੇਚ ਵਿਵਾਦ ’ਚ ਪ੍ਰਿੰਸੀਪਲ-ਕਮ-ਨਿੰਰਕਾਰੀ ਮਿਸ਼ਨ ਡੱਬਵਾਲੀ ਦੇ ਮੁਖੀ ਰਾਜ ਕੁਮਾਰ ਮਹਿਤਾ ਦੇ ਖੁਦਕੁਸ਼ੀ ਮਾਮਲੇ ’ਚ ਦੋ ਹਫ਼ਤੇ ਬਾਅਦ ਵੀ ਮੁਲਜ਼ਮ ਗ੍ਰਿਫ਼ਤਾਰ ਨਾ ਹੋਣ ’ਤੇ ਪੀੜਤ ਪਰਿਵਾਰ ਨੇ ਸੰਘਰਸ਼ ਦੀ ਰਾਹ ਫੜ ਲਈ ਹੈ। ਡੀਐੱਸਪੀ ਨਾਲ ਮੁਲਾਕਾਤ ’ਚ ਠੋਸ ਜਵਾਬ ਨਾ ਮਿਲਣ ’ਤੇ ਪੀੜਤ ਪਰਿਵਾਰ ਨੇ ਸਿਟੀ ਥਾਣਾ ’ਚ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮਾਮਲੇ ’ਚ ਮੱਠੀ ਕਾਰਗੁਜਾਰੀ ਨੇ ਪੁਲੀਸ ਭੂਮਿਕਾ ਸ਼ੱਕੀ ਬਣਾ ਹੈ। ਪੀੜਤ ਪਰਿਵਾਰ, ਨਿਰੰਕਾਰੀ ਮਿਸ਼ਨ ਦੇ ਪੈਰੋਕਾਰਾਂ ਤੇ ਸ਼ਹਿਰ ਵਾਸੀਆਂ ’ਤੇ ਆਧਾਰਤ ਵਫ਼ਦ ਨੇ ਡੀਐੱਸਪੀ ਡੱਬਵਾਲੀ ਕੁਲਦੀਪ ਬੈਨੀਵਾਲ ਨੂੰ ਗ੍ਰਿਫਤਾਰੀ ਲਈ ਮੰਗ ਪੱਤਰ ਸੌਂਪਿਆ। ਬੀਤੀ 12 ਮਾਰਚ ਨੂੰ ਚੌਟਾਲਾ ਰੋਡ ’ਤੇ 1.25 ਕਰੋੜ ਦੇ ਇੱਕ ਕਮਰਸ਼ੀਅਲ ਰਕਬੇ ਦੇ ਸੌਦੇ ਵਿੱਚ ਰਕਮ ਅਦਾਇਗੀ ਦੇ ਬਾਵਜੂਦ ਰਜਿਸਟਰੀ ਨਾ ਹੋਣ ’ਤੇ ਰਾਜ ਕੁਮਾਰ ਮਹਿਤਾ ਨੇ ਖੁਦਕੁਸ਼ੀ ਕਰ ਲਈ ਲਈ ਸੀ।
ਖੁਦਕੁਸ਼ੀ ਨੋਟ ਦੇ ਆਧਾਰ ’ਤੇ ਅਨੂੰ, ਗੋਪਾਲ, ਉਸਦੇ ਪਿਤਾ ਅਸ਼ੋਕ ਕੁਮਾਰ, ਪੰਕਜ ਤੇ ਪ੍ਰਾਪਰਟੀ ਡੀਲਰ ਕਮਲ ਸੇਠੀ ਖ਼ਿਲਾਫ਼ ਧਾਰਾ 306/34 ਤਹਿਤ ਕੇਸ ਦਰਜ ਕੀਤਾ ਸੀ। ਅੱਜ ਡੀਐੱਸਪੀ ਨਾਲ ਮੁਲਾਕਾਤ ਮੌਕੇ ਮ੍ਰਿਤਕ ਦੀ ਪਤਨੀ ਆਸ਼ਾ ਰਾਣੀ ਨੇ ਇਨਸਾਫ਼ ਦੀ ਮੰਗ ਕਰਦਿਆਂ ਡੀਐੱਸਪੀ ਨੂੰ ਕਿਹਾ ਕਿ ਉਨ੍ਹਾਂ ਨੂੰ ਇਨਸਾਫ ਨਾ ਮਿਲਣ ’ਤੇ ਉਨ੍ਹਾਂ ਦੇ ਘਰ ’ਚ ਖੁਦਕੁਸ਼ੀ ਘਟਨਾ ਦਾ ਦੁਹਰਾਅ ਹੋ ਸਕਦਾ ਹੈ। ਦੂਜੇ ਪਾਸੇ ਡੀਐੱਸਪੀ ਕੁਲਦੀਪ ਬੈਨੀਵਾਲ ਨੇ ਕਿਹਾ ਕਿ ਹੈਂਡ ਰਾਇਟਿੰਗ ਮਾਹਰਾਂ ਵੱਲੋਂ ਖੁਦਕੁਸ਼ੀ ਨੋਟ ਦੀ ਰਿਪੋਰਟ ਨਾ ਆਉਣ ਕਾਰਨ ਦਿੱਕਤ ਆ ਰਹੀ ਹੈ।