ਚੰਡੀਗੜ੍ਹ: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਟੂਲਕਿੱਟ ਕੇਸ ਵਿੱਚ ਉਨ੍ਹਾਂ ਵੱਲੋਂ ਕੀਤੇ ਗਏ ਟਵੀਟ ਦੇ ਸਬੰਧ ’ਚ ਉਨ੍ਹਾਂ ਖ਼ਿਲਾਫ਼ ਕੀਤੀਆਂ ਜਾ ਰਹੀਆਂ ਪੁਲੀਸ ਸ਼ਿਕਾਇਤਾਂ ਤੋਂ ਉਨ੍ਹਾਂ ਨੂੰ ਕੋਈ ਡਰ ਨਹੀਂ। ਉਨ੍ਹਾਂ ਇਹ ਟਿੱਪਣੀ ਕਰਨਾਟਕ ਦੇ ਕਾਰਕੁਨਾਂ ਦੇ ਗੁੱਟ ਵੱਲੋਂ ਉਨ੍ਹਾਂ ਦੇ ਟਵੀਟ ਦੇ ਸਬੰਧ ’ਚ ਪੁਲੀਸ ਸ਼ਿਕਾਇਤ ਕਰਨ ਦੇ ਮਾਮਲੇ ’ਚ ਕੀਤੀ ਹੈ। ਆਪਣੇ ਟਵੀਟ ਦੀ ਵਿਆਖਿਆ ਗਲਤ ਕਰਨ ਦਾ ਦਾਅਵਾ ਕਰਦਿਆਂ ਸ੍ਰੀ ਵਿੱਜ ਨੇ ਕਿਹਾ ਕਿ ਉਨ੍ਹਾਂ ਦੇਸ਼ ਵਿਰੋਧ ਦਾ ਬੀਜ ਖਤਮ ਕਰਨ ਬਾਰੇ ਆਖਿਆ ਸੀ, ਨਾ ਕਿ ਕਿਸੇ ਵਿਅਕਤੀ ਨੂੰ। ਉਨ੍ਹਾਂ ਕਿਹਾ ਕਿ ਟਵਿੱਟਰ ਨੇ ਵੀ ਇਸ ਟਵੀਟ ਦੀ ਜਾਂਚ ਕੀਤੀ ਤੇ ਆਖਿਆ ਕਿ ਇਸ ’ਚ ਕੁਝ ਗਲਤ ਨਹੀਂ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੇ ਹਰਿਆਣਾ ਦੇ ਮੰਤਰੀਆਂ ਜੇ ਪੀ ਦਲਾਲ ਅਤੇ ਅਨਿਲ ਵਿੱਜ ’ਤੇ ਕਿਸਾਨ ਵਿਰੋਧੀ ਹੋਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ।
-ਪੀਟੀਆਈ