ਪੱਤਰ ਪ੍ਰੇਰਕ
ਯਮੁਨਾਨਗਰ, 30 ਮਈ
ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਅੱਜ ਇੱਥੇ ਭਾਜਪਾ ਆਗੂ ਰਾਕੇਸ਼ ਤਿਆਗੀ ਦੇ ਨਿਵਾਸ ਸਥਾਨ ’ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਵਾਇਨਾਡ ਅਤੇ ਰਾਏਬਰੇਲੀ ਦੋਵਾਂ ਸੀਟਾਂ ਤੋਂ ਹਾਰ ਜਾਣਗੇ ਅਤੇ ਭਾਰਤ ਛੱਡ ਜਾਣਗੇ।
ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਭਾਵੇਂ ਰਾਹੁਲ ਗਾਂਧੀ ਇੰਡੀਆ ਗੱਠਜੋੜ ਦੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ ਪਰ ਸੱਚਾਈ ਇਹ ਹੈ ਕਿ ਇੰਡੀਆ ਗੱਠਜੋੜ ਦਾ ਕੋਈ ਭਵਿੱਖ ਨਹੀਂ, ਕੋਈ ਨੇਤਾ ਨਹੀਂ, ਕੋਈ ਪ੍ਰੋਗਰਾਮ ਨਹੀਂ ਅਤੇ ਕੋਈ ਇੰਜਣ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ‘ਆਪ’ ਅਤੇ ਕਾਂਗਰਸ ਪਾਰਟੀ ਮਿਲ ਕੇ ਚੋਣਾਂ ਲੜ ਰਹੀਆਂ ਹਨ ਅਤੇ ਇੱਕ ਦੂਜੇ ਦੀਆਂ ਤਾਰੀਫ਼ਾਂ ਕਰਦੇ ਹਨ ਪਰ ਜਦੋਂ ਇਹ ਆਗੂ ਪੰਜਾਬ ਜਾਂਦੇ ਹਨ ਤਾਂ ਇੱਕ ਦੂਜੇ ’ਤੇ ਦੂਸ਼ਣਬਾਜ਼ੀ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਜਾਰੀ ਕੀਤੇ ਚੋਣ ਮਨੋਰਥ ਪੱਤਰ ’ਤੇ ਗੱਠਜੋੜ ਦੇ ਕਿਸੇ ਵੀ ਮੈਂਬਰ ਦੇ ਦਸਤਖ਼ਤ ਨਹੀਂ ਹਨ, ਕਿਉਂਕਿ ਉਹ ਜਾਣਦੇ ਹਨ ਕਿ ਇਹ ਪੈਸਾ ਕਿੱਥੋਂ ਆਵੇਗਾ, ਜਿਸ ਨੂੰ ਉਹ ਵੰਡਣ ਦੀ ਗੱਲ ਕਰ ਰਹੇ ਹਨ। ਅਨਿਲ ਵਿੱਜ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣੇ ਦਮ-ਖਮ ਨਾਲ ਰਾਜ ਕੀਤਾ। ਹੁਣ ਚੋਣ ਜ਼ਾਬਤੇ ਦੌਰਾਨ ਨਾਇਬ ਸੈਣੀ ਮੁੱਖ ਮੰਤਰੀ ਬਣ ਗਏ ਹਨ, ਦੇਖੋ ਉਹ ਵੀ ਵਧੀਆ ਕੰਮ ਕਰਨਗੇ।
ਹਰਿਆਣਾ ਦੇ ਮੁੱਖ ਮੰਤਰੀ ਨਾਲ ਅਧਿਕਾਰੀਆਂ ਵੱਲੋਂ ਅਸਹਿਯੋਗ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਅਨਿਲ ਵਿੱਜ ਨੇ ਕਿਹਾ ਕਿ ਇਹ ਲੰਬੇ ਸਮੇਂ ਤੋਂ ਮੰਤਰੀਆਂ ਅਤੇ ਵਿਧਾਇਕਾਂ ਨੇ ਵੀ ਅਧਿਕਾਰੀਆਂ ਵੱਲੋਂ ਸਹਿਯੋਗ ਨਾ ਦੇਣ ਦੀ ਗੱਲ ਕਹੀ ਸੀ। ਪਰ ਜਿੱਥੋਂ ਤੱਕ ਉਸ ਦਾ ਸਵਾਲ ਹੈ, ਕਿਸੇ ਵੀ ਅਧਿਕਾਰੀ ਨੇ ਉਸ ਨਾਂਹ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਨ੍ਹਾਂ ਨੇ ਡਮੀ ਈਵੀਐਮ ਮਸ਼ੀਨਾਂ ਮੰਗਵਾਈਆਂ ਹਨ, ਜਿਨ੍ਹਾਂ ਨੂੰ ਉਹ ਸਾਹਮਣੇ ਪੇਸ਼ ਕਰਨਗੇ ਅਤੇ ਕਹਿਣਗੇ ਕਿ ਈਵੀਐੱਮਜ਼ ਦੇ ਕਾਰਨ ਉਹ ਹਾਰ ਰਹੇ ਹਨ।