ਮਹਾਂਵੀਰ ਮਿੱਤਲ
ਜੀਂਦ, 18 ਅਗਸਤ
ਆਲ ਇੰਡੀਆ ਕਾਂਗਰਸ ਕਮੇਟੀ ਦੀ ਕੌਮੀ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਕੁਮਾਰੀ ਸੈਲਜ਼ਾ ਨੇ ਕਿਹਾ ਕਿ ਹਰਿਆਣਾ ਵਿੱਚ ਹਾਕਮ ਧਿਰ ਭਾਜਪਾ ਨੂੰ ਪਿਛਲੇ ਦਸ ਸਾਲਾਂ ਦਾ ਲੇਖਾ-ਜੋਖਾ ਵਿਧਾਨ ਸਭਾ ਚੋਣਾਂ ਵਿਚ ਦੇਣਾ ਪਵੇਗਾ। ਉਹ ਅੱਜ ਜੀਂਦ ਦੀ ਪੁਰਾਣੀ ਅਨਾਜ ਮੰਡੀ ਵਿੱਚ ‘ਬਦਲਾਅ ਰੈਲੀ’ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਿਸਾਨਾਂ ਨਾਲ ਭੇਦ-ਭਾਵ ਹੋਇਆ ਹੈ ਅਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਜਿਸ ਦਾ ਜਵਾਬ ਭਾਜਪਾ ਨੂੰ ਚੋਣਾਂ ਵਿੱਚ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਹਰ ਵਰਗ ਵਿੱਚ ਭਾਜਪਾ ਪ੍ਰਤੀ ਰੋਸ ਹੈ ਅਤੇ ਲੋਕ ਇਸ ਦਾ ਬਦਲਾ ਪਹਿਲੀ ਅਕਤੂਬਰ ਨੂੰ ਵੋਟ ਦੀ ਚੋਟ ਨਾਲ ਲੈਣਗੇ। ਸ਼ੈਲਜਾ ਨੇ ਕਿਹਾ ਕਿ ਨੌਕਰੀਆਂ ਵਿੱਚ ਘੁਟਾਲੇ ਹੋ ਰਹੇ ਹਨ ਤੇ ਨੌਜਵਾਨਾਂ ਨੂੰ ਰੁਜ਼ਗਾਰ ਲਈ ਵਿਦੇਸ਼ਾਂ ਵਿੱਚ ਜਾਣਾ ਪੈ ਰਿਹਾ ਹੈ। ਇਸ ਲਈ ਅਜਿਹੀ ਸਰਕਾਰ ਤੋਂ ਨਿਜਾਤ ਪਾਉਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਸੁਰਜੇਵਾਲਾ ਰਾਜ ਸਭਾ ਵਿੱਚ ਜਦੋਂ ਹਰਿਆਣਾ ਦੀ ਆਵਾਜ਼ ਚੁੱਕਦੇ ਹਨ ਤਾਂ ਭਾਜਪਾ ਕੋਲ ਕੋਈ ਜਵਾਬ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਬਣਨ ’ਤੇ ਲੋਕ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਰਾਜ ਸਭਾ ਸੰਸਦ ਮੈਂਬਰ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਕੁਝ ਹੀ ਦਿਨਾਂ ਵਿੱਚ ਹਰਿਆਣਾ ਵਿੱਚ ਸੱਤਾ ਤਬਦੀਲੀ ਲਈ ਜੀਂਦ ਤੋਂ ਹੀ ਜੰਗ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਦੁਸ਼ਮਣ ਜਿਹਾ ਰਵੱਈਆ ਅਪਣਾ ਰਹੀ ਹੈ। ਇਸ ਤੋਂ ਇਲਾਵਾ ਮਹਿਲਾ ਖਿਡਾਰੀਆਂ ਨਾਲ ਜੋ ਹੋਇਆ, ਉਹ ਸਾਰਿਆਂ ਨੂੰ ਪਤਾ ਹੈ। ਇਸ ਲਈ ਹੁਣ ਲੋਕ ਬਦਲਾਅ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸੂਬੇ ਵਿੱਚ ਅਜਿਹਾ ਮਾਹੌਲ ਬਣਾ ਦਿੱਤਾ ਹੈ ਕਿ ਕੋਈ ਵਰਗ ਸੁਖੀ ਨਹੀਂ ਹੈ। ਇਸ ਲਈ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਵੋਟ ਦੀ ਚੋਟ ਨਾਲ ਬਦਲਾ ਲੈਣਾ ਪਵੇਗਾ। ਇਸ ਮੌਕੇ ਵਿਧਾਇਕਾ ਰੇਣੂ ਬਾਲਾ, ਸਾਬਕਾ ਮੰਤਰੀ ਅਤਰ ਸਿੰਘ ਸੈਣੀ, ਸਾਬਕਾ ਵਿਧਾਇਕ ਸਤਿੰਦਰ ਰਾਣਾ, ਰਾਮ ਭਜ ਲੋਧਰ, ਰਘਵੀਰ ਭਾਰਦਵਾਜ, ਅੰਸ਼ੁਲ ਸਿੰਗਲਾ, ਸੁਧਾ ਭਾਰਦਵਾਜ ਤੇ ਵਿਦਿਆ ਰਾਣੀ ਸਮੇਤ ਕਈ ਆਗੂ ਹਾਜ਼ਰ ਸਨ।